ਨਵੀਂ ਦਿੱਲੀ: ਕੇਰਲ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਰਣਨੀਤੀ ਉਲੀਕਣ ਵਾਸਤੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਸਨਅਤਕਾਰਾਂ ਨਾਲ ਮਿਲ ਕੇ ਕੇਰਲ ਦੇ ਮੁੱਖ ਮੰਤਰੀ ਨੂੰ ਮਦਦ ਦਾ ਭਰੋਸਾ ਜਤਾਇਆ ਹੈ। ਬੀਤੀ ਸ਼ਾਮ ਹਰਸਿਮਰਤ ਬਾਦਲ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਆਈਟੀਸੀ, ਕੋਕਾ ਕੋਲਾ, ਪੈਪਸੀ, ਹਿੰਦੁਸਤਾਨ ਯੂਨੀਲੀਵਰ, ਡਾਬਰ, ਐਮਟੀਆਰ, ਨੈਸਲੇ, ਬ੍ਰਿਟੇਨੀਆ ਅਤੇ ਮਰੀਕੋ ਆਦਿ ਕੰਪਨੀਆਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ।


ਇਸ ਮੌਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਕੇਰਲ ਦੇ ਲੋਕਾਂ ਦੀ ਮੱਦਦ ਕਰਨ ਵਾਸਤੇ ਕੱਲੇ-ਕੱਲੇ ਯਤਨ ਕਰਨ ਦੀ ਥਾਂ ਸਾਰੇ ਰਲ ਕੇ ਕੰਮ ਕਰੀਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਲਗਾਤਾਰ ਕੇਰਲ ਸਰਕਾਰ ਅਤੇ ਉੱਥੋਂ ਦੇ ਜ਼੍ਹਿਲਾ ਅਧਿਕਾਰੀਆਂ ਦੇ ਸੰਪਰਕ ਵਿਚ ਹੈ ਅਤੇ ਉੱਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਲਗਾਤਾਰ ਜਾਣਕਾਰੀ ਲੈ ਰਿਹਾ ਹੈ।


ਹਰਸਿਮਰਤ ਬਾਦਲ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨਾਲ ਵੀ ਗੱਲਬਾਤ ਕਰਦਿਆਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵੱਲੋਂ ਪੂਰੀ ਮੱਦਦ ਕਰਨ ਦਾ ਭਰੋਸਾ ਦਿਵਾਇਆ। ਦਰਅਸਲ 19 ਅਗਸਤ 2018 ਨੂੰ ਹਰਸਿਮਰਤ ਬਾਦਲ ਨੇ ਦੇਸ਼ ਦੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਕੇਰਲ ਰਾਹਤ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਕੀਤੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਮੀਟਿੰਗ ਦੌਰਾਨ ਕੰਪਨੀਆਂ ਨੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਵੱਲੋਂ ਕੇਰਲਾ ਦੇ ਪੀੜਤ ਲੋਕਾਂ ਦੀ ਮੱਦਦ ਲਈ ਕੀਤੇ ਜਾ ਰਹੇ ਯਤਨਾਂ ਵਿਚ ਪੂਰਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਹੈ।