ਮਾਨਸਾ: ਰਾਹੁਲ ਗਾਂਧੀ ਵੱਲੋਂ ਪੀਐਮ ਮੋਦੀ ਨੂੰ ਨਸ਼ੇ ਦਾ ਕਾਰੋਬਾਰ 'ਚ ਸ਼ਾਮਲ ਵੱਡੇ ਮਗਰਮੱਛਾਂ ’ਤੇ ਕਾਰਵਾਈ ਦੀ ਮੰਗ ’ਤੇ ਚੁਟਕੀ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਮੰਗ ਨਾਲ ਰਾਹੁਲ ਗਾਂਧੀ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਨਸ਼ਾ ਖ਼ਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਇਸੇ ਲਈ ਉਹ ਹੁਣ ਪੀਐਮ ਮੋਦੀ ਨੂੰ ਅਪੀਲ ਕਰ ਰਹੇ ਹਨ। ਹਰਸਿਮਰਤ ਕੌਰ ਨੇ ਕਿਹਾ ਕਿ ਹਮੇਸ਼ਾ ਤੋਂ ਨਸ਼ੇ ਦੇ ਨਾਂ ’ਤੇ ਅਕਾਲੀ ਸਰਕਾਰ ਨੂੰ ਬਦਨਾਮ ਕੀਤਾ ਗਿਆ ਜਦਕਿ ਕਾਂਗਰਸ ਰਾਜ ਦੌਰਾਨ ਨਸ਼ੇ ਦੇ ਕਾਰੋਬਾਰ ’ਚ 3 ਗੁਣਾ ਵਾਧਾ ਹੋਇਆ ਹੈ। ਇੱਥੋਂ ਤਕ ਕਿ ਕਾਂਗਰਸ ਦੀ ਵਜ੍ਹਾ ਕਰਕੇ ਨਸ਼ੇ ਦੇ ਹੋਮ ਡਿਲੀਵਰੀ ਹੋ ਰਹੀ ਹੈ।

ਦਰਅਸਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਦੌਰੇ ’ਤੇ ਗਏ ਜਿੱਥੇ ਉਨ੍ਹਾਂ 150 ਦੇ ਕਰੀਬ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਬਹਿਬਲ ਕਲਾਂ ਗੋਲ਼ੀਕਾਂਡ ਵਿੱਚ ਸਿਟ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਮਨਤਾਰ ਬਰਾੜ ਤੋਂ ਪੁੱਛਗਿੱਛ ਕੀਤੇ ਜਾਣ ਸਬੰਧੀ ਹਰਸਿਮਰਤ ਕੌਰ ਨੇ ਕਿਹਾ ਕਿ ਕਾਂਗਰਸ ਬਾਦਲ ਪਰਿਵਾਰ ਨੂੰ ਗੋਲ਼ੀਕਾਂਡ ਮਾਮਲੇ ਵਿੱਚ ਫਸਾਉਣ ਲਈ ਚਾਲਾਂ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਸਾਫ ਕਿਹਾ ਸੀ ਕਿ ਉਹ ਬਾਦਲਾਂ ਨੂੰ ਅੰਦਰ ਕਰਵਾਉਣਗੇ। ਉਨ੍ਹਾਂ ਕਿਹਾ ਕਿ ਲੋਕ ਕੈਪਟਨ ਦੇ ਪਿਛਲੇ 5 ਸਾਲ ਭੁੱਲੇ ਨਹੀਂ ਜਦੋਂ ਕੈਪਟਨ ਨੇ ਉਨ੍ਹਾਂ ਖਿਲਾਫ ਝੂਠੇ ਮੁਕੱਦਮੇ ਦਰਜ ਕਰਵਾਏ ਸੀ। ਹੁਣ ਫਿਰ ਉਹ ਝੂਠਾ ਕਮਿਸ਼ਨ ਬਣਾ ਰਹੇ ਹਨ ਤੇ ਆਪਣੇ ਪੁਲਿਸ ਅਫ਼ਸਰਾਂ ਦੀ ਸਿਟ ਬਣਾ ਕੇ ਬਾਦਲ ਪਰਿਵਾਰ ਨੂੰ ਫਸਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਲਈ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਹੀ ਪੰਜਾਬ ਵਿੱਚ ਸ਼ਾਂਤੀ ਆਉਂਦੀ ਹੈ ਤਾਂ ਉਹ ਗ੍ਰਿਫ਼ਤਾਰੀ ਲਈ ਤਿਆਰ ਹਨ। ਪਰ ਹੁਣ ਕੈਪਟਨ ਸਰਕਾਰ ਉਨ੍ਹਾਂ ਦੇ ਵਿਧਾਇਕ ਨੂੰ ਫਸਾ ਰਹੀ ਹੈ।