ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਵਿੱਚ ਕਸਬਾ ਜਾਖਲ 'ਚ ਰੇਲਵੇ ਕਲੋਨੀ 'ਚ ਹੋ ਰਹੀ ਰਾਮਲੀਲਾ ਦੌਰਾਨ ਅੱਗ ਲੱਗ ਗਈ ਜਿਸ ਵਿੱਚ ਇੱਕ ਬੱਚਾ ਝੁਲਸ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਅੱਗੇ ਹਿਸਾਰ ਦੇ ਹਸਪਤਾਲ ਰੈਫਰ ਕਰ ਦਿੱਤਾ। ਫਿਲਹਾਲ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


ਜਾਣਕਾਰੀ ਮੁਤਾਬਕ ਜਾਖਲ ਮੰਡੀ ਦੀ ਧਾਨਕ ਬਸਤੀ ਨਿਵਾਸੀ 12 ਸਾਲ ਦਾ ਅਨੁਜ ਆਪਣੇ ਪਿਤਾ ਕ੍ਰਿਸ਼ਣ ਨਾਲ ਰਾਮਲੀਲਾ ਦੀ ਸਟੇਜ 'ਤੇ ਖੜ੍ਹਾ ਹੋਇਆ ਸੀ। ਉਸ ਦਾ ਪਿਤਾ ਢੋਲਕੀ ਵਜਾਉਂਦਾ ਸੀ। ਇਸ ਦੌਰਾਨ ਰਾਮਲੀਲਾ ਵਿੱਚ ਸੀਤਾ ਹਰਨ ਹੋਣਾ ਸੀ। ਸੀਤਾ ਹਰਨ ਲਈ ਲਕਸ਼ਮਣ ਜਿਵੇਂ ਹੀ ਲਕਸ਼ਮਣ ਰੇਖਾ ਟੱਪਣ ਲੱਗਾ ਜਾਂ ਉਸ ਸੀਨ ਨੂੰ ਡੀਜ਼ਲ ਨਾਲ ਅੱਗ ਲਾ ਕੇ ਸ਼ਨਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।


ਜਿਵੇਂ ਹੀ ਲਕਸ਼ਮਣ ਬਣੇ ਨੌਜਵਾਨ ਨੇ ਡੀਜ਼ਲ ਪਾ ਕੇ ਅੱਗ ਲਾਈ ਤਾਂ ਪੂਰੇ ਮੰਚ 'ਤੇ ਅੱਗ ਲੱਗ ਗਈ ਜੋ ਭੜਕਦੀ ਹੋਈ ਪਰਦੇ ਤਕ ਪਹੁੰਚ ਗਈ। ਉੱਥੇ ਖੜ੍ਹੇ ਹੋਰ ਲੋਕਾਂ ਨੇ ਵੇਖਿਆ ਤਾਂ ਤੁਰੰਤ ਅੱਗ ਬੁਝਾਉਣੀ ਸ਼ੁਰੂ ਕੀਤੀ। ਇਸੇ ਦੌਰਾਨ ਉੱਥੇ ਖੜ੍ਹੇ ਬੱਚੇ ਅਨੁਜ ਨੂੰ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਤੇ ਉਹ ਗੰਭੀਰ ਝੁਲਸ ਗਿਆ।