ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖ਼ੂਨ-ਖਰਾਬਾ ਸ਼ੁਰੂ ਹੋ ਗਿਆ ਹੈ। ਦਰਅਸਲ, ਰਾਜ ਦੇ ਜਲਗਾਓਂ ਜ਼ਿਲੇ ਦੇ ਭੁਸਾਵਲ ਕਸਬੇ ਵਿੱਚ ਅਣਪਛਾਤੇ ਲੋਕਾਂ ਨੇ ਭਾਜਪਾ ਨਗਰ ਸੇਵਕ ਰਵਿੰਦਰ ਖਰਾਤ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਖਰਾਤ ਸਮੇਤ ਪੰਜ ਲੋਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਬੰਦੂਕਾਂ ਅਤੇ ਚਾਕੂਆਂ ਨਾਲ ਹਮਲਾ ਕਰਨ ਆਏ ਸੀ। ਭਾਜਪਾ ਨੇਤਾ ਦੀ ਹੱਤਿਆ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ। ਲੋਕ ਪੁਲਿਸ 'ਤੇ ਸਵਾਲ ਖੜੇ ਕਰ ਰਹੇ ਹਨ।


ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਐਤਵਾਰ ਰਾਤ ਕਰੀਬ ਸਾਢੇ 9 ਵਜੇ ਭਾਜਪਾ ਦੇ ਨਗਰ ਸੇਵਕ ਰਵਿੰਦਰ ਖਰਾਤ ਉਰਫ ਹੰਪੀ ਦੇ ਘਰ ਪਹੁੰਚੇ ਸੀ। ਰਵਿੰਦਰ ਖਰਾਤ ਉਦੋਂ ਸਮਤਾ ਨਗਰ ਕੰਪਲੈਕਸ ਵਿੱਚ ਆਪਣੇ ਘਰ ਦੇ ਬਾਹਰ ਬੈਠਾ ਹੋਇਆ ਸੀ। ਦੋ ਹਮਲਾਵਰਾਂ ਨੇ ਪਹਿਲਾਂ ਖਰਾਤ 'ਤੇ ਫਾਇਰਿੰਗ ਕੀਤੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।




ਗੋਲੀਬਾਰੀ ਦੀ ਆਵਾਜ਼ ਸੁਣਦਿਆਂ ਹੀ ਉਸ ਦਾ ਭਰਾ ਸੁਨੀਲ ਬਾਬੂ ਰਾਓ ਖਰਾਤ ਬਾਹਰ ਆਇਆ। ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਫਾਇਰਿੰਗ ਕੀਤੀ। ਉਹ ਆਪਣੀ ਜਾਨ ਬਚਾਉਣ ਲਈ ਘਰ ਵੱਲ ਭੱਜਿਆ। ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਚਾਕੂ ਨਾਲ ਉਸ ਦਾ ਗਲਾ ਕੱਟ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਤੋਂ ਬਾਅਦ ਹਮਲਾਵਰਾਂ ਨੇ ਰਵਿੰਦਰ ਖਰਾਤ ਦੇ ਦੋਵੇਂ ਪੁੱਤਾਂ- ਰੋਹਿਤ ਅਤੇ ਪ੍ਰੇਮ ਸਾਗਰ ਦੇ ਇਲਾਵਾ ਉਨ੍ਹਾਂ ਦੇ ਇੱਕ ਦੋਸਤ 'ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ।