ਹਾਂਗਕਾਂਗ: ਬੈਂਕਿੰਗ ਤੇ ਵਿੱਤੀ ਸੇਵਾਵਾਂ ਨਾਲ ਜੁੜੀ ਕੰਪਨੀ HSBC ਦੇ ਕਰਮਚਾਰੀਆਂ ‘ਤੇ ਇੱਕ ਵਾਰ ਫੇਰ ਨੌਕਰੀ ਜਾਣ ਦੀ ਤਲਵਾਰ ਲਟਕ ਗਈ ਹੈ। ਕੰਪਨੀ ਆਪਣੇ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਪਲਾਨਿੰਗ ਬਣਾ ਰਹੀ ਹੈ। ਐਚਐਸਬੀਸੀ ਲਾਗਤ ਘਟਾਉਣ ਲਈ ਇਹ ਯੋਜਨਾ ਬਣਾ ਰਹੀ ਹੈ। ਇੱਕ ਰਿਪੋਰਟ ‘ਚ ਸੋਮਵਾਰ ਨੂੰ ਇਹ ਗੱਲ ਕਹੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ 4000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇਸ ਲਈ ਗਲੋਬਲ ਆਰਥਿਕ ਮੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਦੱਸ ਦਈਏ ਕਿ ਬੈਂਕ ਦੇ 10 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਜ਼ਿਆਦਾ ਤਨਖ਼ਾਹ ਹਾਸਲ ਕਰਨ ਵਾਲੇ ਅਧਿਕਾਰੀਆਂ ਦੀ ਹੋਵੇਗੀ। ਰਿਪੋਰਟਸ ਮੁਤਾਬਕ ਐਚਐਸਬੀਸੀ ਟ੍ਰੇਡ ਵਾਰ, ਬ੍ਰੈਕਜਿਟ ਤੇ ਡਿੱਗਦੀਆਂ ਵਿਆਜ਼ ਦਰਾਂ ਨਾਲ ਮਿਲ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅਜਿਹਾ ਕਰ ਰਹੀ ਹੈ। ਕੰਪਨੀ ਦੇ ਨਵੇਂ ਚੀਫ ਨੋਏਲ ਕਵਿਕ ਲਾਗਤ ਘੱਟ ਕਰਨ ਦੀ ਮੁਹਿੰਮ ਦੇ ਚੱਲਦਿਆਂ ਇਹ ਸਭ ਕਰ ਰਹੇ ਹਨ। ਇਸ ਤੋਂ ਪਹਿਲਾਂ ਕੰਪਨੀ ਦੇ ਸੀਈਓ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।

ਦੱਸ ਦਈਏ ਕਿ ਪਿਛਲੇ ਮਹੀਨੇ ਹੀ ਐਚਐਸਬੀਸੀ ਨੇ ਆਪਣੇ ਕਰਮੀਆਂ ਦੀ ਗਿਣਤੀ ‘ਚ 2 ਫੀਸਦ ਛਾਂਟੀ ਕਰਨ ਦਾ ਐਲਾਨ ਕੀਤਾ ਸੀ।