ਕਾਬੁਲ: ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਬੰਧਕ ਬਣਾਏ ਤਿੰਨ ਭਾਰਤੀ ਇੰਜਨੀਅਰਾਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੇ ਬਦਲੇ ‘ਚ ਉਨ੍ਹਾਂ ਨੇ ਜੇਲ੍ਹ ‘ਚ ਬੰਦ ਆਪਣੇ 11 ਅੱਤਵਾਦੀ ਸਾਥੀਆਂ ਨੂੰ ਰਿਹਾਅ ਕਰਵਾ ਲਿਆ। ਮੀਡੀਆ ਰਿਪੋਰਟ ਮੁਤਾਬਕ, ਇਹ ਅਦਲਾ-ਬਦਲੀ ਐਤਵਾਰ ਨੂੰ ਹੋਈ। ਰਿਹਾਅ ਕੀਤੇ ਗਏ 11 ਅੱਤਵਾਦੀਆਂ ‘ਚ ਸ਼ੇਖ ਅਬਦੁਰ ਰਹੀਮ ਤੇ ਮੌਲਾਵੀ ਅਬਦੁਰ ਰਾਸ਼ਿਦ ਵੀ ਸ਼ਾਮਲ ਹਨ।


ਇਸ ਅਦਲਾ-ਬਦਲੀ ਨੂੰ ਲੈ ਕੇ ਭਾਰਤੀ ਤੇ ਅਫਗਾਨੀ ਅਧਿਕਾਰੀਆਂ ਵੱਲੋਂ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਹੈ। ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰੀ ਬਘਲਾਨ ਖੇਤਰ ਸਥਿਤ ਇੱਕ ਪਾਵਰ ਪਲਾਂਟ ’ਚ ਕੰਮ ਕਰਨ ਵਾਲੇ ਸੱਤ ਭਾਰਤੀ ਇੰਜਨੀਅਰਾਂ ਨੂੰ ਮਈ 2018 ‘ਚ ਬੰਧਕ ਬਣਾ ਲਿਆ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਮਾਰਚ ‘ਚ ਛੱਡ ਦਿੱਤਾ ਗਿਆ ਸੀ ਜਦਕਿ ਬਾਕੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਦੋਵਾਂ ਪਾਸਿਓ ਰਿਹਾਈ ਦੀ ਪ੍ਰਕ੍ਰਿਆ ਅਫਗਾਨਿਸਤਾਨ ਲਈ ਅਮਰੀਕਾ ਦੇ ਦੂਤ ਜਲਮੇ ਖਲੀਲਜਾਦ ਤੇ ਤਾਲਿਬਾਨ ਦੇ ਨੁਮਾਇੰਦੇ ਮੁੱਲਾ ਅਬੱਦੁਲ ਗਨੀ ਬਰਦਾਰ ਦਰਮਿਆਨ ਹੋਈ। ਬਰਦਾਰ ਆਪਣੇ 12 ਮੈਂਬਰਾਂ ਨਾਲ ਪਾਕਿਸਤਾਨ ਸਰਕਾਰ ਦੇ ਸੱਦੇ ‘ਤੇ ਗੱਲਬਾਤ ਲਈ ਬੁੱਧਵਾਰ ਨੂੰ ਇਸਲਾਮਾਬਾਦ ‘ਚ ਮੌਜੂਦ ਹਨ। ਤਾਲਿਬਾਨੀ ਵਫ਼ਦ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨਾਲ ਮੁਲਾਕਾਤ ਕੀਤੀ।