Farmers Protest: ਹਰਿਆਣਾ ਦਾ ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਕਿਸਾਨਾਂ ਦੀਆਂ ਔਰਤਾਂ ਬਾਰੇ ਟਿੱਪਣੀ ਕਰਕੇ ਕਸੂਤਾ ਘਿਰ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ’ਚੋਂ ਬਰਖ਼ਾਸਤ ਕੀਤਾ ਜਾਵੇ। ਇਸ ਦੇ ਨਾਲ ਹੀ ਮੰਤਰੀ ਕਿਸਾਨ ਭਾਈਚਾਰੇ ਤੇ ਔਰਤਾਂ ਕੋਲੋਂ ਮੁਆਫੀ ਮੰਗੇ। ਮੰਤਰੀ ਦਲਾਲ ਨੇ ਕਿਹਾ ਸੀ ਕਿ ਘਰ ਅੰਦਰ ਜਿਨ੍ਹਾਂ ਦੀ ਗੱਲ ਜਨਾਨੀ ਵੀ ਨਹੀਂ ਮੰਨਦੀ, ਉਹ ਕਿਸਾਨ ਲੀਡਰ ਬਣੇ ਫਿਰਦੇ ਹਨ।


ਸੰਯੁਕਤ ਕਿਸਾਨ ਮੋਰਚੇ ਨੇ 27 ਨਵੰਬਰ ਨੂੰ ਭਿਵਾਨੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਜਨਤਕ ਭਾਸ਼ਣ ਦੌਰਾਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਬਾਰੇ ਕੀਤੀ ਗਈ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਮੋਰਚੇ ਦੇ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦਲਾਲ ਦੀਆਂ ਟਿੱਪਣੀਆਂ ਦਾ ਉਦੇਸ਼ ਨਾ ਸਿਰਫ਼ ਕਿਸਾਨ ਅੰਦੋਲਨ ਦੇ ਕਾਰਕੁਨਾਂ ਦੀ ਬੇਇੱਜ਼ਤੀ ਕਰਨਾ ਹੈ, ਸਗੋਂ ਸਮੁੱਚੇ ਤੌਰ ’ਤੇ ਔਰਤਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣਾ ਵੀ ਹੈ। 


ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਅਜਿਹੀਆਂ ਟਿੱਪਣੀਆਂ ਮੋਰੀਬੰਦ ਜਗੀਰੂ ਸੱਭਿਆਚਾਰ ਦੀ ਨੁਮਾਇੰਦਗੀ ਕਰਦੀਆਂ ਹਨ, ਜੋ ਆਧੁਨਿਕ ਸੱਭਿਅਕ ਸਮਾਜ ਵਿੱਚ ਸਵੀਕਾਰਯੋਗ ਨਹੀਂ ਹਨ। ਐਸਕੇਐਮ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਮੰਤਰੀ ਨੂੰ ਤੁਰੰਤ ਪ੍ਰਭਾਵ ਤੋਂ ਮੰਤਰੀ ਮੰਡਲ ’ਚੋਂ ਬਰਖ਼ਾਸਤ ਕੀਤਾ ਜਾਵੇ ਤੇ ਉਸ ਨੂੰ ਕਿਸਾਨ ਭਾਈਚਾਰੇ ਤੇ ਔਰਤਾਂ ਕੋਲੋਂ ਮੁਆਫੀ ਮੰਗਣ ਦਾ ਨਿਰਦੇਸ਼ ਦਿੱਤਾ ਜਾਵੇ।


ਕੀ ਕਿਹਾ ਖੇਤੀ ਮੰਤਰੀ ਜੇਪੀ ਦਲਾਲ ਨੇ?
ਮੰਤਰੀ ਜੇਪੀ ਦਲਾਲ ਦੇ ਸਾਹਮਣੇ ਆਏ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, "ਹੁਣ ਜੇਕਰ ਮੈਂ ਬੋਲਦਾ ਹਾਂ ਤਾਂ ਉਹ ਕਹਿਣਗੇ ਕਿ ਉਹ ਉਲਟਾ ਬੋਲਦਾ ਹੈ।" ਘਰ ਵਿੱਚ ਪਤਨੀ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਤੇ ਉਨ੍ਹਾਂ ਨੇ ਕਿਸਾਨਾਂ ਦਾ ਠੇਕਾ ਲੈ ਰੱਖਿਆ ਸੀ। ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਕਈਆਂ 'ਤੇ 5-5 ਕੇਸ ਤੇ ਕਈਆਂ ਖਿਲਾਫ 2-2 ਕੇਸ ਦਰਜ ਹਨ। ਇਹ ਗਲਤ ਕੰਮ ਕਰ ਰਹੇ ਹਨ। ਕਿਸੇ ਦੀ ਨੂੰਹ ਭੱਜ ਗਈ, ਕੋਈ ਨਿਬੇੜਾ ਨਹੀਂ ਹੋਇਆ ਤੇ ਇਹ ਠੇਕਾ ਤੁਹਾਡਾ ਲੈ ਰਹੇ ਹਨ।


ਮੰਤਰੀ ਨੇ ਕਿਹਾ ਹੈ ਕਿ ਉਹ ਮੇਰੇ ਕੋਲ ਆਏ ਸੀ ਤੇ ਕਿਹਾ ਕਿ ਸਾਨੂੰ ਆਪਣੇ ਨਾਲ ਲੈ ਲਵੋ। ਮੈਂ ਵੀ ਸਾਫ਼ ਕਹਿ ਦਿੱਤਾ ਕਿ ਮੈਂ ਤੈਨੂੰ ਆਪਣੇ ਨਾਲ ਨਹੀਂ ਲੈਣ ਵਾਲਾ। ਤੁਹਾਨੂੰ ਵੀ ਪਤਾ ਹੀ ਹੈ ਕਿ ਮੈਂ ਬੋਲੇ ​​ਬਿਨਾਂ ਨਹੀਂ ਰਹਿ ਸਕਦਾ। ਕਿਉਂ ਭਾਈ, ਮੈਂ ਕੁਝ ਲੈ ਕੇ ਖਾ ਰਿਹਾ ਹਾਂ, ਮੈਂ ਕਿਉਂ ਨਾ ਬੋਲਾਂ? ਮੈਂ ਇਸ ਗੱਲ ਤੋਂ ਨਹੀਂ ਡਰਦਾ। ਮੇਰੀ ਚਿੰਤਾ ਇਹ ਹੈ ਕਿ ਜੇਕਰ ਮੈਂ ਇਨ੍ਹਾਂ ਸ਼ੋਸ਼ਣ ਕਰਨ ਵਾਲਿਆਂ, ਕਿਸਾਨਾਂ ਨੂੰ ਥਾਣੇ ਤਹਿਸੀਲ ਤੱਕ ਸੀਮਤ ਰੱਖਣ ਵਾਲਿਆਂ, ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਅੱਗੇ ਝੁਕ ਗਿਆ ਤਾਂ ਮੇਰਾ ਰਾਜਨੀਤੀ ਕਰਨ ਦਾ ਮਕਸਦ ਹੀ ਖਤਮ ਹੋ ਜਾਵੇਗਾ।


ਮੰਤਰੀ ਨੇ ਕਿਹਾ ਕਿ ਮੈਂ ਵੀ ਤੁਹਾਡਾ, ਇਹ ਕਲਮ ਵੀ ਤੁਹਾਡੀ, ਪੈਸਾ ਵੀ ਤੁਹਾਡਾ, ਤਾਕਤ ਵੀ ਤੁਹਾਡੀ, ਇਹ ਕਲਮ ਕਿਸਾਨਾਂ ਦੇ ਖਿਲਾਫ ਨਹੀਂ ਚੱਲੇਗੀ। ਹਰਿਆਣਾ ਸਰਕਾਰ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਕੰਮ ਕੀਤਾ ਜਾਵੇ।