ਹਰਿਆਣਾ ਵਿੱਚ ਰਿਕਾਰਡ ਕਾਇਮ ਕਰਦੇ ਹੋਏ ਭਾਜਪਾ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਹੁਣ ਪਾਰਟੀ ਲਗਾਤਾਰ ਤੀਜੀ ਵਾਰ ਹਰਿਆਣਾ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਹਾਰ ਦੇ ਕਾਰਨਾਂ ਦਾ ਜਾਇਜ਼ਾ ਲੈਣ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।



ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਸੁਸ਼ੀਲ ਗੁਪਤਾ ਨੇ ਕਿਹਾ, "ਹਰਿਆਣਾ ਵਿੱਚ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਸਾਡੀ ਪੂਰੀ ਕੋਸ਼ਿਸ਼ ਸੀ। ਇੰਡੀਆ ਗਠਜੋੜ ਦਾ ਮੈਂਬਰ ਹੋਣ ਦੇ ਨਾਤੇ, ਮੈਂ ਆਖਰੀ ਸਮੇਂ ਤੱਕ ਗਠਜੋੜ ਦੀ ਉਡੀਕ ਕਰਦਾ ਰਿਹਾ। ਅੱਜ ਵੀ ਕਾਂਗਰਸ ਦੋਸ਼ ਲਾ ਰਹੀ ਹੈ ਤੇ ਆਤਮ-ਨਿਰੀਖਣ ਕਰਦੀ ਰਹੀ ਹੈ ਪਰ ਜੇ ਉਹ ਹੰਕਾਰੀ ਨਾ ਹੋਈ ਹੁੰਦੀ ਤਾਂ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਜਾਂ ਗੱਠਜੋੜ ਦੀ ਸਰਕਾਰ ਹੋਣੀ ਸੀ।






ਕਾਂਗਰਸ ਨਾਲ ਗਠਜੋੜ 'ਤੇ ਸੁਸ਼ੀਲ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਪਹਿਲਾ ਉਦੇਸ਼ ਭਾਜਪਾ ਨੂੰ ਹਟਾਉਣਾ ਹੈ ਤੇ ਅਸੀਂ ਉਸ ਦਿਸ਼ਾ 'ਚ ਕੰਮ ਕਰਦੇ ਰਹੇ। ਜਦੋਂ ਨਾਮਜ਼ਦਗੀ ਦੇ ਆਖ਼ਰੀ ਤਿੰਨ ਦਿਨ ਰਹਿ ਗਏ ਸਨ ਅਤੇ ਕਾਂਗਰਸ ਨੇ ਆਪਣੀ ਸੂਚੀ ਜਾਰੀ ਕਰ ਦਿੱਤੀ ਸੀ, ਤਦ ਰਾਸ਼ਟਰੀ ਪਾਰਟੀ ਹੋਣ ਦੇ ਨਾਤੇ ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਸੀ। ਅਸੀਂ ਆਪਣੇ ਉਮੀਦਵਾਰਾਂ ਨੂੰ ਤਿੰਨ ਦਿਨਾਂ ਵਿੱਚ ਸ਼ਾਰਟਲਿਸਟ ਕਰਕੇ ਮੈਦਾਨ ਵਿੱਚ ਉਤਾਰਿਆ।



'ਭਾਜਪਾ ਨੂੰ ਹਰਾਉਣਾ ਕਾਂਗਰਸ ਦੇ ਵੱਸ ਦੀ ਗੱਲ ਨਹੀਂ'


ਉਨ੍ਹਾਂ ਅੱਗੇ ਕਿਹਾ, "ਅੱਜ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੌਜੂਦਾ ਸਥਿਤੀ ਇਹ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ 2029 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦੇਵੇਗੀ। ਹੁਣ ਭਾਜਪਾ ਨੂੰ ਹਰਿਆਣਾ ਵਿੱਚੋਂ ਬਾਹਰ ਕੱਢਣਾ ਕਾਂਗਰਸ ਦੇ ਵੱਸ ਵਿੱਚ ਨਹੀਂ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :