ਸੋਨੀਪਤ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਨ੍ਹੀਂ ਦਿਨੀਂ ਜਨ ਅਸ਼ੀਰਵਾਦ ਯਾਤਰਾ ਕਰ ਰਹੇ ਹਨ। ਜਿਵੇਂ ਹੀ ਉਨ੍ਹਾਂ ਦੀ ਕਾਰ ਸੋਨੀਪਤ ਕੋਲ ਪਹੁੰਚੀ ਤਾਂ ਪਹਿਲਾਂ ਤੋਂ ਹੀ ਉੱਥੇ ਮੌਜੂਦ ਰਾਜੇਸ਼ ਨਾਂ ਦੇ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ। ਅੱਗ ਭੜਕਣ ਤੋਂ ਬਾਅਦ ਉਹ ਭੀੜ ਵਿੱਚ ਦਾਖ਼ਲ ਹੋ ਗਿਆ। ਇਸ ਕਾਰਨ ਅੱਗ ਦੀ ਲਪੇਟ ਵਿੱਚ ਆ ਕੇ ਤਕਰੀਬਨ 10 ਹੋਰ ਲੋਕ ਜ਼ਖਮੀ ਹੋ ਗਏ। ਰਾਜੇਸ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਆਤਮਦਾਹ ਕਰਨ ਵਾਲਾ ਸ਼ਖ਼ਸ ਰਾਜੇਸ਼ ਰਾਠਧਾਨਾ ਪਿੰਡ ਦਾ ਰਹਿਣ ਵਾਲਾ ਹੈ। ਝੁਲਸੀ ਹੋਈ ਹਾਲਤ ਵਿੱਚ ਪਹਿਲਾਂ ਉਸ ਨੂੰ ਸੋਨੀਪਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਖਾਨਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ।
ਆਤਮਦਾਹ ਕਰਨ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਖੱਟਰ ਦੇ ਭਰੋਸੇ ਦੇ ਬਾਵਜੂਦ ਉਨ੍ਹਾਂ ਦੇ ਬੱਚਿਆਂ ਨੂੰ ਗਰੁੱਪ ਡੀ ਵਿੱਚ ਨੌਕਰੀ ਨਹੀਂ ਮਿਲੀ। ਨੌਕਰੀ ਦੇ ਸਿਲਸਿਲੇ ਵਿੱਚ ਉਹ ਦਿੱਲੀ ਸਥਿਤ ਹਰਿਆਣਾ ਭਵਨ ਪਹੁੰਚੇ ਸਨ ਤੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ। ਜਦੋਂ ਕੋਈ ਰਸਤਾ ਨਹੀਂ ਬਚਿਆ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ।