ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਲਾਤਕਾਰ ਸਬੰਧੀ ਬਿਆਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਖੱਟਰ ਦੇ ਬਿਆਨ ਨੂੰ ਔਰਤ ਵਿਰੋਧੀ ਕਰਾਰ ਦਿੱਤਾ ਹੈ ਅਤੇ ਮੁਆਫ਼ੀ ਦੀ ਮੰਗ ਕੀਤੀ ਹੈ। ਹਰਿਆਣਾ ਵਿੱਚ ਇਸੇ ਸਾਲ ਵਾਪਰੀਆਂ ਬਲਾਤਕਾਰ ਦੀਆਂ ਕਈ ਹੌਲਨਾਕ ਘਟਨਾਵਾਂ ਕਾਰਨ ਮੁੱਖ ਮੰਤਰੀ ਦਾ ਬਿਆਨ ਵਿਵਾਦਾਂ ਵਿੱਚ ਘਿਰ ਗਿਆ ਹੈ।


ਖੱਟਰ ਨੇ ਕਿਸੇ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜ਼ਿਆਦਾਤਰ ਜਾਣਕਾਰਾਂ ਦਰਮਿਆਨ ਹੀ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਦੋਵੇਂ ਇਕੱਠੇ ਘੁੰਮਦੇ ਹਨ ਤੇ ਅਣਬਣ ਹੋਣ 'ਤੇ ਕੇਸ ਦਰਜ ਕਰਵਾ ਦਿੱਤਾ ਜਾਂਦਾ ਹੈ ਕਿ ਮੇਰੇ ਨਾਲ ਬਲਾਤਕਾਰ ਹੋਇਆ ਹੈ।

ਖੱਟਰ ਦੇ ਇਸੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵਧਦੀਆਂ ਬਲਾਤਕਾਰ ਦੀਆਂ ਘਟਨਾਵਾਂ ਤੇ ਗੈਂਗਰੇਪ ਦੀਆਂ ਘਟਨਾਵਾਂ ਦਾ ਦੋਸ਼ ਔਰਤਾਂ ਦੇ ਚਰਿੱਤਰ 'ਤੇ ਮੜ੍ਹਨਾ ਬੇਹੱਦ ਸ਼ਰਮਨਾਕ ਹੈ।


ਮਨੋਹਰ ਲਾਲ ਖੱਟਰ ਦੇ ਇਸ ਬਿਆਨ 'ਤੇ ਮੁੱਖ ਮੰਤਰੀ ਦੇ ਦਫ਼ਤਰ ਜਾਂ ਭਾਜਪਾ ਹਾਈਕਮਾਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਖੱਟਰ ਔਰਤਾਂ ਬਾਰੇ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰੇ ਹਨ। ਸਾਲ 2014 ਵਿੱਚ ਵੀ ਉਨ੍ਹਾਂ ਬਲਾਤਕਾਰ ਦੀਆਂ ਘਟਨਾਵਾਂ ਪਿੱਛੇ ਔਰਤਾਂ ਤੇ ਕੁੜੀਆਂ ਦੇ ਕੱਪੜਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।