ਨਵੀਂ ਦਿੱਲੀ: ਕੌਮੀ ਰਾਜਧਾਨੀ 'ਚ ਵਹਿੰਦੀ ਯਮੁਨਾ ਨਦੀ 'ਤੇ ਬਣਿਆ ਸਿਗਨੇਚਰ ਬ੍ਰਿਜ ਦੇ ਸੁੰਦਰ ਡਿਜ਼ਾਈਨ ਨੇ ਨਵੇਂ ਪੁਆੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਪੁਲ ਉਪਰ ਰੋਜ਼ਾਨਾ ਹੀ ਲੋਕ ਸੈਲਫ਼ੀਆਂ ਖਿੱਚਣ ਲਈ ਆਉਂਦੇ ਹਨ ਜਿਸ ਨਾਲ ਆਵਾਜਾਈ ਵੀ ਪ੍ਰਭਾਵਤ ਹੋਣ ਲੱਗੀ ਹੈ। ਇਸ ਤੋਂ ਇਲਾਵਾ ਪੁਲ 'ਤੇ ਅਸ਼ਲੀਲ ਹਰਕਤਾਂ ਕਰਕੇ ਮਾਹੌਲ ਖ਼ਰਾਬ ਕਰਨ ਵਾਲੇ ਚਾਰ ਹਿਜੜਿਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾ ਚੁੱਕਾ ਹੈ। ਪਰ ਹੁਣ ਦਿੱਲੀ ਸਰਕਾਰ ਲੋਕਾਂ ਨੂੰ ਇਸ ਪੁਲ ਦੀ ਸੁੰਦਰਤਾ ਦਾ ਨਜ਼ਾਰਾ ਮਾਣਨ ਲਈ ਵਿਸ਼ੇਸ਼ ਸਥਾਨ ਮੁਹੱਈਆ ਕਰਵਾਉਣ ਵਾਲੀ ਹੈ।



ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੇਂ ਸਿਗਨੇਚਰ ਬ੍ਰਿਜ ਉਪਰ ਸੈਲਫੀ ਪੁਆਇੰਟ ਬਣਾਉਣ ਅਤੇ ਵਿਸ਼ੇਸ਼ ਲਾਈਟਾਂ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਾਸੀਆਂ ਵਿੱਚ ਇਸ ਪੁਲ ਉਪਰ ਸੈਲਫੀਆਂ ਖਿੱਚਣ ਦੀ ਲੱਗੀ ਹੋੜ ਕਾਰਨ ਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਸ ਪੁੱਲ ਉਪਰ ਬੱਚਿਆਂ ਦਾ ਪਾਰਕ ਤੇ ਸੈਲਫੀ ਖਿੱਚਣ ਦਾ ਪ੍ਰਬੰਧ ਕੀਤਾ ਜਾਵੇਗਾ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੋਕ ਨਿਰਮਾਣ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਤੇ ਟੂਰਿਜ਼ਮ ਸਕੱਤਰ ਸਮੇਤ ਡੀਟੀਟੀਡੀਸੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟ ਲਿਖ ਕੇ ਉਪਰੋਕਤ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾਂ ਲਿਖਿਆ ਕਿ ਇਸ ਲਈ ਵੱਖਰੇ ਬਜਟ ਦੀ ਲੋੜ ਹੋਈ ਤਾਂ ਉਹ ਵੀ ਕੀਤਾ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੁਝ ਦਿਨ ਪਹਿਲਾਂ ਇਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਸਿਸੋਦੀਆ ਨੇ ਕਿਹਾ ਸੀ ਕਿ ਇਹ ਪੁੱਲ ਦਿੱਲੀ ਦਾ ਨਵਾਂ ‘ਸਹੀ ਰੌਸ਼ਨ ਸਥਾਨ’ ਹੋਵੇਗਾ ਜੋ ਦਿੱਲੀ ਦੀ ਦਿੱਖ ਦਾ ਪ੍ਰਤੀਕ ਚਿੰਨ੍ਹ ਬਣ ਜਾਵੇਗਾ।



ਰੋਜ਼ਾਨਾ ਸੈਂਕੜੇ ਲੋਕ ਇਸ ਪੁੱਲ ਉਪਰ ਆ ਕੇ ਸੈਲਫੀਆਂ ਖਿੱਚਦੇ ਹਨ ਤੇ ਕਈ ਵਾਰ ਤਸਵੀਰਾਂ ਲੈਣ ਵਾਲੇ ਇਸ ਪੁੱਲ ਦੀਆਂ ਤਾਰਾਂ ਉਪਰ ਚੜ੍ਹ ਜਾਂਦੇ ਹਨ ਤੇ ਜਾਨ ਜੋਖ਼ਮ ਵਿੱਚ ਪਾਉਂਦੇ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆਂ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ 154 ਮੀਟਰ ਉੱਚੇ ਪੁੱਲ ’ਤੇ ਜਦੋਂ ਸ਼ੀਸ਼ਾ ਜੜੇ ਬਕਸੇ ਨੂੰ ਸਥਾਪਤ ਕੀਤਾ ਜਾਵੇਗਾ ਤਾਂ ਇੱਥੋਂ ਯਮੁਨਾ ਦਰਿਆ ਤੇ ਆਸ-ਪਾਸ ਦੇ ਇਲਾਕੇ ਦਾ ਹਵਾਈ ਦ੍ਰਿਸ਼ ਪੰਛੀ ਝਾਤ ਵਾਂਗ ਦੇਖਿਆ ਜਾ ਸਕਦਾ ਹੈ।