ਫਤਿਹਾਬਾਦ: ਸਥਾਨਕ ਭੋਡਿਆ ਖੇੜਾ ਕਾਲਜ ਵਿੱਚ ਬਣੇ ਵਿੱਚ ਇੱਕ ਸ਼ੱਖੀ ਟਰੱਕ ਵੜ ਆਇਆ। ਇਸ ਟਰੱਕ ਵਿੱਚ ਕਾਫੀ ਸੰਦੂਕ ਲੱਦੇ ਹੋਏ ਸੀ। ਟਰੱਕ ਅਚਾਨਕ ਸੁਰੱਖਿਆ ਘੇਰੇ ਨੂੰ ਪਾਰ ਕਰਦਾ ਅੰਦਰ ਵੜ ਗਿਆ। ਕਾਂਗਰਸ ਨੇ ਇਲਜ਼ਾਮ ਲਾਏ ਹਨ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸ਼ੱਕੀ ਟਰੱਕ ਨੂੰ ਈਵੀਐਮ ਮਸ਼ੀਨਾਂ ਬਦਲਣ ਲਈ ਬੁਲਾਇਆ ਗਿਆ ਸੀ। ਕਾਂਗਰਸ ਨੇ ਸਵਾਲ ਚੁੱਕਿਆ ਕਿ ਆਖ਼ਰ ਬਿਨਾ ਮਨਜ਼ੂਰੀ ਦੇ ਸ਼ੱਕੀ ਟਰੱਕ ਈਵੀਐਮ ਸਟ੍ਰਾਂਗ ਰੂਮ ਕੈਂਪਸ ਵਿੱਚ ਦਾਖ਼ਲ ਕਿਵੇਂ ਹੋਇਆ। ਉਨ੍ਹਾਂ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਖ਼ਿਲਾਫ਼ ਵੀ ਜਾਂਚ ਦੀ ਮੰਗ ਕੀਤੀ ਹੈ।


ਕਾਂਗਰਸ ਦੇ ਵਰਕਰ ਪਹਿਲਾਂ ਹੀ ਇਸ ਟਰੱਕ ਦੇ ਪਿੱਛੇ ਲੱਗੇ ਹੋਏ ਸੀ। ਜਿਵੇਂ ਹੀ ਟਰੱਕ ਕਾਲਜ ਅੰਦਰ ਪਹੁੰਚਿਆ ਤਾਂ ਕਾਂਗਰਸੀ ਵਰਕਰਾਂ ਨੇ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਕੋਲੋਂ ਟਰੱਕ ਬਾਰੇ ਜਾਣਕਾਰੀ ਲਈ। ਗੜਬੜੀ ਲੱਗਣ 'ਤੇ ਕਾਂਗਰਸ ਦੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਤੇ ਹਰਿਆਣਾ ਕਾਂਗਰਸ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਤੁਰੰਤ ਮੌਕੇ 'ਤੇ ਪਹੁੰਚੇ।

ਕਾਂਗਰਸ ਨੇ ਵਿਰੋਧ ਕਰਨ 'ਤੇ ਫਤਿਹਾਬਾਦ ਦੇ ਡੀਸੀ, ਐਸਪੀ ਤੇ ਡੀਐਸਪੀ ਚੋਣ ਅਧਿਕਾਰੀ ਸਮੇਤ ਮੌਕੇ 'ਤੇ ਪਹੁੰਚੇ ਤੇ ਸ਼ੱਕੀ ਸੰਦੂਕਾਂ ਵਾਲੇ ਟਰੱਕ ਨੂੰ ਵਾਪਿਸ ਭੇਜ ਦਿੱਤਾ ਗਿਆ। ਕਾਂਗਰਸ ਲੀਡਰ ਸੁਰਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਜ਼ਿਲ੍ਹਾ ਫਤਿਹਾਬਾਦ ਦੇ ਡੀਸੀ ਦੀ ਭੂਮਿਕਾ ਇੰਨੀ ਸ਼ੱਕੀ ਹੈ ਕਿ ਉਹ ਡੀਸੀ ਨਾ ਹੋ ਕੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜਾਪ ਰਹੇ ਹਨ। ਕਾਂਗਰਸ ਨੇ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਵੀ ਬੀਜੇਪੀ ਦੇ ਏਜੰਟ ਕਰਾਰ ਦਿੱਤਾ ਹੈ।

ਉੱਧਰ ਡਿਪਟੀ ਕਮਿਸ਼ਨਰ, ਧੀਰੇਂਦਰ ਖਡਗਟਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਦੂਕਾਂ ਨਾਲ ਭਰੇ ਟਰੱਕ ਬਾਰੇ ਮਤਗਣਨਾ ਸੈਂਟਰ ਤੋਂ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜ ਗਏ ਤੇ ਟਰੱਕ ਨਾਲ ਸਬੰਧਤ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਟਰੱਕ ਟੋਹਾਣਾ ਸਹਾਇਕ ਚੋਣ ਅਫ਼ਸਰ ਦੀ ਹਦਾਇਤ 'ਤੇ ਤਹਿਸੀਲਦਾਰ ਦੀ ਦੇਖ ਰੇਖ ਹੇਠ ਟੋਹਾਣਾ ਤੋਂ ਲਿਆਂਦਾ ਗਿਆ ਸੀ ਤੇ ਵੋਟਾਂ ਦੀ ਗਿਣਤੀ ਬਾਅਦ ਸੰਦੂਕਾਂ ਵਿੱਚ ਈਵੀਐਮ ਮਸ਼ੀਨਾਂ ਰੱਖੀਆਂ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਗ਼ਲਤਫਹਿਮੀ ਨਾ ਹੋਏ, ਇਸ ਲਈ ਸੰਦੂਕ ਵਾਪਿਸ ਭਿਜਵਾ ਦਿੱਤੇ ਗਏ ਹਨ।