ਫਰੀਦਾਬਾਦ: ਹਰਿਆਣਾ ਦੇ ਸੂਬਾਈ ਬੁਲਾਰੇ ਵਿਕਾਸ ਚੌਧਰੀ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਦੀ ਖ਼ਬਰ ਮਿਲੀ ਹੈ। ਜਿਸ ਸਮੇਂ ਘਟਨਾ ਵਾਪਰੀ, ਉਦੋਂ ਚੌਧਰੀ ਫਰੀਦਾਬਾਦ ਸਥਿਤ ਜਿੰਮ ਜਾ ਰਹੇ ਸਨ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।


ਸੀਸੀਟੀਵੀ ਵੀਡੀਓ ਮੁਤਾਬਕ ਗੱਡੀ ਵਿੱਚ ਸਵਾਰ ਕਾਤਲ ਪਹਿਲਾਂ ਤੋਂ ਹੀ ਘਾਤ ਲਾਈ ਬੈਠੇ ਸਨ। ਜਿਉਂ ਹੀ ਵਿਕਾਸ ਚੌਧਰੀ ਦੀ ਗੱਡੀ ਉੱਥੇ ਰੁਕੀ, ਕਾਤਲਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਕਈ ਗੋਲ਼ੀਆਂ ਚਲਾਈਆਂ। ਗੋਲ਼ੀਆਂ ਲੱਗਣ ਕਾਰਨ ਵਿਕਾਸ ਚੌਧਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਾਂਗਰਸ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਸੂਬੇ ਵਿੱਚ ਅਮਨ ਕਾਨੂੰਨ ਵਿਵਸਥਾ ਖਰਾਬ ਹੋਣ ਪਿੱਛੇ ਖੱਟਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਘਟਨਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕੀਤੀ ਹੈ।

ਫਰੀਦਾਬਾਦ ਦੇ ਡੀਸੀਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ ਹਾਸਲ ਕਰ ਗਈ ਹੈ। ਇਸੇ ਵੀਡੀਓ ਦੇ ਆਧਾਰ 'ਤੇ ਪੁਲਿਸ ਹੱਤਿਆਰਿਆਂ ਦੀ ਪਛਾਣ ਕਰਨ ਵਿੱਚ ਜੁਟ ਗਈ ਹੈ।