Haryana News: ਹਰਿਆਣਾ ਵਿੱਚ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੂਬੇ ਦੇ ਅੱਠ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹ ਸਾਬਕਾ ਵਿਧਾਇਕ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਦੈ ਭਾਨ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਦੈ ਭਾਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਸਾਬਕਾ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਬਹੁਤੇ ਵਿਧਾਇਕ ਪਹਿਲਾਂ ਹੀ ਪਾਰਟੀ ਵਿੱਚ ਰਹਿ ਚੁੱਕੇ ਹਨ। ਇਨ੍ਹਾਂ ਆਗੂਆਂ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਨਾ ਮਿਲਣ ਕਾਰਨ ਕਾਂਗਰਸ ਛੱਡ ਦਿੱਤੀ ਸੀ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸ਼ਾਰਦਾ ਰਾਠੌਰ, ਰਾਮ ਨਿਵਾਸ ਘੋਡੇਲਾ, ਨਰੇਸ਼ ਸੇਲਵਾਲ, ਪਰਵਿੰਦਰ ਢੁੱਲ, ਜਿਲੇ ਰਾਮ ਸ਼ਰਮਾ, ਰਾਕੇਸ਼ ਕੰਬੋਜ, ਰਾਜ ਕੁਮਾਰ ਵਾਲਮੀਕੀ ਤੇ ਸੁਭਾਸ਼ ਚੌਧਰੀ ਸ਼ਾਮਲ ਹਨ। ਇਸ ਤੋਂ ਇਲਾਵਾ ਲੋਕਤੰਤਰ ਸੁਰੱਖਿਆ ਪਾਰਟੀ ਦੇ ਸੂਬਾ ਪ੍ਰਧਾਨ ਕਿਸ਼ਨ ਲਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਇਨ੍ਹਾਂ ਆਗੂਆਂ ਦੇ ਸ਼ਾਮਲ ਹੋਣ ਮੌਕੇ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਤੇ ਜੇਜੇਪੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਹੁੱਡਾ ਨੇ ਕਿਹਾ, ''ਭਾਜਪਾ ਤੇ ਜੇਜੇਪੀ ਸਰਕਾਰ ਪ੍ਰਤੀ ਲੋਕਾਂ 'ਚ ਗੁੱਸਾ ਵਧ ਰਿਹਾ ਹੈ। ਇਨ੍ਹਾਂ ਆਗੂਆਂ ਦਾ ਸ਼ਾਮਲ ਹੋਣਾ ਹੀ ਇਹ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਦੀ ਲੋਕਪ੍ਰਿਅਤਾ ਘਟ ਰਹੀ ਹੈ।
ਭਾਜਪਾ ਸਰਕਾਰ 'ਤੇ ਹਮਲਾ
ਇਸ ਦੇ ਨਾਲ ਹੀ ਭੁਪਿੰਦਰ ਸਿੰਘ ਹੁੱਡਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਤੇ ਜੇਜੇਪੀ ਸਰਕਾਰ ਕਾਰਨ ਸੂਬੇ ਵਿੱਚ ਭ੍ਰਿਸ਼ਟਾਚਾਰ ਵਧ ਰਿਹਾ ਹੈ। ਹੁੱਡਾ ਨੇ ਕਿਹਾ ਕਿ ਹੁਣ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਵੀ ਉਨ੍ਹਾਂ ਦੀ ਪਾਰਟੀ ਦੀ ਸਰਕਾਰ 'ਤੇ ਉਹੀ ਦੋਸ਼ ਲਾਏ ਹਨ, ਜਿਸ ਦਾ ਦਾਅਵਾ ਕਾਂਗਰਸ ਨੇਤਾ ਕਰਦੇ ਰਹੇ ਹਨ। ਦੱਸ ਦੇਈਏ ਕਿ ਹਰਿਆਣਾ ਵਿੱਚ ਕਾਂਗਰਸ ਦੀ ਕਮਾਨ ਹੁਣ ਪੂਰੀ ਤਰ੍ਹਾਂ ਹੁੱਡਾ ਖੇਮੇ ਕੋਲ ਹੈ। ਹੁੱਡਾ ਦੇ ਕਰੀਬੀ ਉਦੈ ਭਾਨ ਨੂੰ ਹਾਲ ਹੀ ਵਿੱਚ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।