ਨਾਰਨੌਦ: ਹਰਿਆਣਾ ਦੇ ਕਿਸਾਨਾਂ ਵੱਲੋਂ 100 ਰੁਪਏ ਪ੍ਰਤੀ ਲਿਟਰ ਦੁੱਧ ਵੇਚਣ ਨਾਲ ਹਾਹਾਕਾਰ ਮੱਚ ਗਈ ਹੈ। ਕਿਸਾਨਾਂ ਦੇ ਇਸ ਫੈਸਲੇ ਨਾਲ ਦੁੱਖ ਖਰੀਦਣ ਵਾਲੀਆਂ ਸਹਿਕਾਰੀ ਸੁਸਾਇਟੀਆਂ ਦੇ ਵੀ ਹੋਸ਼ ਉੱਡ ਗਏ ਹਨ। ਸੋਮਵਾਰ ਨੂੰ ਸਹਿਕਾਰੀ ਸੁਸਾਇਟੀਆਂ ਦੇ ਟੈਂਕਰ ਖਾਲੀ ਪਰਤੇ। ਉਂਝ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਆਮ ਲੋਕਾਂ ਨੂੰ ਪਹਿਲਾਂ ਵਾਲੇ ਰੇਟ ਉੱਪਰ ਹੀ ਦੁੱਧ ਵੇਚਿਆ ਜਾਵੇਗਾ।


ਉਧਰ, ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਕਰਨਾ ਸਹੀ ਨਹੀਂ ਕਿਉਂਕਿ ਉਸ ਨਾਲ ਆਮ ਲੋਕਾਂ ਨੂੰ ਹੀ ਨੁਕਸਾਨ ਹੋਏਗਾ। ਇਸ ਬਾਰੇ ਕੰਡੇਲਾ ਖਾਪ ਦੇ ਪ੍ਰਧਾਨ ਟੇਕਰਾਮ ਕੰਡੇਲਾ ਨੇ ਕਿਹਾ ਕਿ 100 ਰੁਪਏ ਪ੍ਰਤੀ ਲਿਟਰ ਦੁੱਧ ਵੇਚਣ ਦਾ ਫ਼ੈਸਲਾ ਗਲਤ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਸੰਘਰਸ਼ ਨੂੰ ਹੋਰ ਢੰਗ ਨਾਲ ਤਿੱਖਾ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਦਰਅਸਲ ਕਿਸਾਨਾਂ ਨੇ ਇਹ ਫੈਸਲਾ ਤਿੰਨੇ ਖੇਤੀ ਕਾਨੂੰਨ ਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਲਿਆ ਹੈ। ਇਸ ਫੈਸਲੇ ਤਹਿਤ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਅਧੀਨ ਪੈਂਦੇ ਕਸਬੇ ਨਾਰਨੌਦ ’ਚ ਸਤਰੋਲ ਖਾਪ ਨੇ ਸਰਕਾਰੀ/ਸਹਿਕਾਰੀ ਸੁਸਾਇਟੀਆਂ ਨੂੰ ਦੁੱਧ 100 ਰੁਪਏ ਪ੍ਰਤੀ ਲਿਟਰ ਵੇਚਣ ਦਾ ਐਲਾਨ ਕੀਤਾ ਹੈ।


ਸਤਰੋਲ ਖਾਪ ਦੇ ਪ੍ਰਧਾਨ ਰਾਮਨਿਵਾਸ ਲੌਹਾਨ ਦਾ ਕਹਿਣਆ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਹਰ ਵਰਗ ਦੇ ਲੋਕਾਂ ਦੀ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ। ਇਸੇ ਕਰਕੇ ਸਹਿਕਾਰੀ ਸੁਸਾਇਟੀਆਂ ਨੂੰ ਮਹਿੰਗਾ ਭਾਅ ਦੁੱਧ ਦਿੱਤਾ ਜਾਵੇਗਾ।


ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਐਮਐਸਪੀ ’ਤੇ ਫ਼ਸਲਾ ਦੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਨਹੀਂ ਲਿਆਂਦਾ ਜਾਂਦਾ ਤੇ ਤੇਲ ਦੀਆਂ ਕੀਮਤਾਂ ਨਹੀਂ ਘਟਾਈਆਂ ਜਾਂਦੀਆਂ, ਉਦੋਂ ਤਕ ਦੁੱਧ 100 ਰੁਪਏ ਪ੍ਰਤੀ ਲਿਟਰ ਵੇਚਿਆ ਜਾਵੇਗਾ। ਰਾਮਨਿਵਾਸ ਨੇ ਸਪੱਸ਼ਟ ਕੀਤਾ ਕਿ ਪਿੰਡ ਵਾਸੀਆਂ ਤੇ ਆਮ ਲੋਕਾਂ ਨੂੰ ਦੁੱਧ ਪੁਰਾਣੀ ਕੀਮਤਾਂ ’ਤੇ ਹੀ ਵੇਚਿਆ ਜਾਵੇਗਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904