ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਇੰਨਟਰਨੈੱਟ ਬੰਦ ਕੀਤੇ ਜਾਣ 'ਤੇ ਜਵਾਬ ਤਲਬ ਕੀਤਾ ਹੈ। ਕਿਸਾਨ ਅੰਦੋਲਨ ਦੇ ਵਿਚਕਾਰ ਹਰਿਆਣਾ ਸਰਕਾਰ ਨੇ ਕਈ ਜ਼ਿਲ੍ਹਿਆਂ ਵਿੱਚ ਇੰਨਟਰਨੈੱਟ ਸੇਵਾ ਬੰਦ ਕੀਤੀ ਹੋਈ ਹੈ। ਇੱਕ ਵਕੀਲ ਵੱਲੋਂ ਦਾਇਰ ਪਟੀਸ਼ਨ ਤੇ ਹੁਣ ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਹੈ।
ਪਟੀਸ਼ਨ ਵਿੱਚ ਇੰਟਰਨੈੱਟ ਬੰਦੀ ਕਾਰਨ ਵਕੀਲਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਵਿਦਿਆਰਥੀਆਂ ਨੂੰ ਵੀ ਕਾਫੀ ਤੰਗੀ ਆ ਰਹੀ ਹੈ। ਜੋ ਵਿਦਿਆਰਥੀ ਆਨ ਲਾਈਨ ਕਲਾਸਾਂ ਲਾ ਰਹੇ ਹਨ ਉਨ੍ਹਾਂ ਦੀ ਪੜ੍ਹਾਈ ਇੰਟਰਨੈੱਟ ਬੰਦ ਹੋ ਕਾਰਨ ਪ੍ਰਭਾਵਿਤ ਹੋ ਰਹੀ ਹੈ।
ਦੱਸ ਦੇਈਏ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਗਰੋਂ ਹਰਿਆਣਾ ਵਿੱਚ ਇੰਨਟਰਨੈੱਟ ਤੇ ਰੋਕ ਲਾਈ ਗਈ ਸੀ। ਦਿੱਲੀ ਦੇ ਕਈ ਇਲਾਕਿਆਂ ਵਿੱਚ ਵੀ ਇੰਟਰਨੈੱਟ ਬੰਦ ਹੈ ਜਿੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।