ਸੋਨੀਪਤ : ਇੱਕ ਪਾਸੇ ਤਾਂ ਭਾਰਤ ਅੱਜ ਆਪਣਾ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਓਥੇ ਹੀ ਦੂਜੇ ਪਾਸੇ ਗਨੌਰ ਵਿੱਚ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਦੌਰਾਨ ਇੱਟਾਂ ਰੋੜੇ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ।  ਹਰਿਆਣਾ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਦੋ ਸਕੂਲਾਂ ਦੇ ਵਿਦਿਆਰਥੀ ਆਪਸ ਵਿਚ ਟਕਰਾ ਗਏ ਅਤੇ ਇਕ ਦੂਜੇ 'ਤੇ ਇੱਟਾਂ-ਰੋੜਿਆਂ ਨਾਲ ਪਥਰਾਅ ਸ਼ੁਰੂ ਕਰ ਦਿੱਤਾ। ਪੁਲੀਸ ਨੇ ਬੜੀ ਮੁਸ਼ਕਲ ਨਾਲ ਸਥਿਤੀ ’ਤੇ ਕਾਬੂ ਪਾਇਆ ਤੇ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 


ਦਰਅਸਲ 'ਚ ਗਨੌਰ ਵਿਖੇ 75ਵੇਂ ਆਜ਼ਾਦੀ ਦਿਵਸ ਮੌਕੇ ਅਨਾਜ ਮੰਡੀ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਸੀ। ਇਸ ਵਿੱਚ ਮੁੱਖ ਮਹਿਮਾਨ ਕੈਥਲ ਜ਼ਿਲ੍ਹੇ ਦੇ ਵਿਧਾਇਕ ਲੀਲਾ ਰਾਮ ਗੁਰਜਰ ਸਨ। ਉਨ੍ਹਾਂ ਸਵੇਰੇ ਸਭ ਤੋਂ ਪਹਿਲਾਂ ਮਿੰਨੀ ਸਕੱਤਰੇਤ ਵਿਖੇ ਸ਼ਹੀਦ ਚੰਦਰਸ਼ੇਖਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਰਾਸ਼ਟਰੀ ਝੰਡਾ ਲਹਿਰਾਉਣ ਲਈ ਅਨਾਜਮੰਡੀ ਪੁੱਜੇ। ਤਿਰੰਗਾ ਲਹਿਰਾਉਣ ਉਪਰੰਤ ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਸ਼ੁਰੂ ਹੋਈ।


ਜਦੋਂ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਵਿਦਿਆਰਥੀਆਂ ਦੇ ਦੋ ਧੜੇ ਆਪਸ ਵਿੱਚ ਟਕਰਾ ਗਏ ਅਤੇ ਇੱਕ ਦੂਜੇ 'ਤੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਸੁਤੰਤਰਤਾ ਦਿਵਸ ਸਮਾਗਮਾਂ ਵਿੱਚ ਭਗਦੜ ਮੱਚ ਗਈ। ਪੁਲੀਸ ਨੇ ਵਿਦਿਆਰਥੀਆਂ ਨੂੰ ਉਥੋਂ ਭਜਾ ਦਿੱਤਾ। ਇਸ ਦੌਰਾਨ ਇਕ ਵਿਦਿਆਰਥੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵਿਦਿਆਰਥੀ ਗੁੱਟਾਂ ਵਿਚਾਲੇ ਝਗੜਾ ਕਿਉਂ ਹੋਇਆ।


ਜ਼ਿਕਰਯੋਗ ਹੈ ਕਿ ਏਥੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਣਾ ਸੀ। ਜਦੋਂ ਮੁੱਖ ਮਹਿਮਾਨ ਵਿਧਾਇਕ ਲੀਲਾਰਾਮ ਪ੍ਰਸੰਸਾ ਪੱਤਰ ਦੇਣ ਲੱਗੇ ਤਾਂ ਹਫੜਾ-ਦਫੜੀ ਮਚ ਗਈ। ਇਸ ਤੋਂ ਪਹਿਲਾਂ ਵਿਧਾਇਕ ਵਰਕਰਾਂ ਦਾ ਸਨਮਾਨ ਕਰ ਰਹੇ ਸਨ। ਹੰਗਾਮੇ ਤੋਂ ਬਾਅਦ ਉਹ ਸਟੇਜ ਦੇ ਉੱਪਰ ਆ ਗਏ। ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਸਮੇਂ ਵੀ ਪ੍ਰੋਗਰਾਮ ਵਿੱਚ ਹਫੜਾ-ਦਫੜੀ ਮਚ ਗਈ।