ਰੋਹਤਕ : ਹਰਿਆਣਾ ਦੇ ਰੋਹਤਕ ਜ਼ਿਲੇ 'ਚ ਫੌਜ 'ਚ ਭਰਤੀ ਦੀ ਨਵੀਂ ਸਕੀਮ ਅਗਨੀਪਥ ਤੋਂ ਦੁਖੀ ਨੌਜਵਾਨ ਨੇ ਆਪਣੀ ਜਾਨ ਦੇ ਦਿੱਤੀ ਹੈ। ਜ਼ਿਲ੍ਹੇ ਦੀ ਦੇਵ ਕਲੋਨੀ ਸਥਿਤ ਪੀਜੀ ਵਿੱਚ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਸਚਿਨ ਜੀਂਦ ਦੇ ਲਿਜਵਾਨਾ ਦਾ ਰਹਿਣ ਵਾਲਾ ਸੀ। ਮ੍ਰਿਤਕ ਸਚਿਨ ਰੋਹਤਕ ਵਿੱਚ ਰਹਿ ਕੇ ਫੌਜ ਦੀ ਭਰਤੀ ਲਈ ਤਿਆਰੀ ਕਰ ਰਿਹਾ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰੋਹਤਕ ਪੀ.ਜੀ.ਆਈ. ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


 

ਦੱਸ ਦਈਏ ਕਿ ਕੇਂਦਰ ਸਰਕਾਰ ਵਲੋਂ ਫੌਜ 'ਚ ਚਾਰ ਸਾਲ ਲਈ ਭਰਤੀ ਯੋਜਨਾ ਅਗਨੀਪਥ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਫੌਜ ਵਿੱਚ ਭਰਤੀ ਲਈ ਲਿਖਤੀ ਪ੍ਰੀਖਿਆ ਵਿੱਚ ਦੇਰੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਮੁੱਦਿਆਂ 'ਤੇ ਹਰਿਆਣਾ ਦੇ ਨੌਜਵਾਨ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।

 

ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਫੌਜ ਵਿੱਚ ਭਰਤੀ ਦੇ ਨਵੇਂ ਨਿਯਮ ਅਗਨੀਪਥ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਸੂਬੇ ਦੇ ਚਰਖੀ ਦਾਦਰੀ 'ਚ ਫੌਜ ਦੇ ਸੈਂਕੜੇ ਉਮੀਦਵਾਰ ਸੜਕਾਂ 'ਤੇ ਉਤਰ ਆਏ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਬੱਸ ਸਟੈਂਡ ਨੇੜੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ।


ਉਮੀਦਵਾਰਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਉਮੀਦਵਾਰਾਂ ਦਾ ਫਿਜ਼ੀਕਲ ਅਤੇ ਮੈਡੀਕਲ ਕਰਵਾਇਆ ਗਿਆ ਸੀ ਪਰ ਉਸ ਤੋਂ ਬਾਅਦ ਕਦੇ ਕੋਰੋਨਾ ਤੇ ਕਈ ਵਾਰ ਕਿਸੇ ਹੋਰ ਬਹਾਨੇ ਲਿਖ਼ਤੀ ਪ੍ਰੀਖਿਆ ਕਰਵਾਉਣ ਵਿੱਚ ਦੇਰੀ ਕੀਤੀ ਜਾਂਦੀ ਹੈ। ਵਿਰੋਧੀ ਧਿਰ ਦੇ ਆਗੂ ਵੀ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਦੇ ਸਮਰਥਨ ਵਿੱਚ ਪੁੱਜੇ ਅਤੇ ਸਰਕਾਰ ’ਤੇ ਆਰੋਪ ਲਾਏ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਸਿਰਫ਼ 4 ਸਾਲ ਲਈ ਭਰਤੀ ਕਰਨਾ ਰੁਜ਼ਗਾਰ ਦੇ ਅਧਿਕਾਰ ਦੀ ਉਲੰਘਣਾ ਹੈ।