ਹਰਿਆਣਾ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਮਚਾ ਰਹੀ ਹੈ। ਪਹਿਲੇ ਦੇ ਮੁਕਾਬਲੇ ਇਹ ਲਹਿਰ ਤੇਜ਼ੀ ਨਾਲ ਲੋਕਾਂ 'ਚ ਫੈਲ ਰਹੀ ਹੈ। ਇਸ ਦੇ ਨਾਲ ਹੀ ਹਰ ਦਿਨ ਲੱਖਾਂ ਦੀ ਤਾਦਾਦ ਚ ਲੋਕ ਕੋਰਕੋਨਾ ਪੌਜ਼ੇਟਿਵ ਹੋ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਇਕ ਵਾਰ ਫਿਰ ਲੌਕਡਾਊ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਸਮੇਂ ਦੇਸ਼ ਦੇ ਕਈ ਸੂਬਿਆਂ ਨੇ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ।
ਪਿਛਲੇ ਸਾਲ ਲੌਕਡਾਊਨ ਕਾਰਨ ਜੋ ਤਸਵੀਰ ਪਰਵਾਸੀ ਮਜਦੂਰਾਂ ਦੀ ਦੇਖਣ ਨੂੰ ਮਿਲੀ ਉਹ ਇਕ ਵਾਰ ਫਿਰ ਦੇਖਣ ਨੂੰ ਮਿਲ ਰਹੀ ਹੈ। ਪਰਵਾਸੀ ਮਜਦੂਰਾਂ ਨੂੰ ਬੀਤੇ ਸਾਲ ਲੌਕਡਾਊਨ ਦੇ ਚੱਲਦਿਆਂ ਕਈ ਪਰੇਸ਼ਾਨੀਆਂ ਸਹਿਣੀਆਂ ਪਈਆਂ ਸਨ। ਜਿਸ ਨੂੰ ਦੇਖਦਿਆਂ ਪਰਵਾਸੀ ਮਜਦੂਰਾਂ ਨੇ ਇਸ ਵਾਰ ਸੰਪੂਰਨ ਲੌਕਡਾਊਨ ਦੇ ਡਰ ਤੋਂ ਪਹਿਲਾਂ ਹੀ ਪਲਾਇਨ ਸ਼ੁਰੂ ਕਰ ਦਿੱਤਾ।
ਮਜਦੂਰਾਂ ਦੇ ਪਲਾਇਨ ਨਾਲ ਉਦਯੋਗਾਂ 'ਚ ਤਣਾਅ
ਹਰਿਆਣਾ ਤੋਂ ਘਰ ਪਰਤਣ ਵਾਲੇ ਪਰਵਾਸੀ ਮਜਦੂਰਾਂ ਦੀ ਲਾਈਨ ਰਾਸ਼ਟਰੀ ਰਾਜਮਾਰਗ 'ਤੇ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਮਜਦੂਰਾਂ ਦੇ ਇਸ ਪਲਾਇਨ ਨਾਲ ਉਦਯੋਗਾਂ 'ਚ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਪਲਾਇਨ ਕਰ ਰਹੇ ਮਜਦੂਰਾਂ ਦਾ ਕਹਿਣਾ ਹੈ ਕਿ ਬੀਤੇ ਸਾਲ ਲੱਗੇ ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਸਾਨੂੰ ਮਜਦੂਰਾਂ ਨੂੰ ਹੋਈ ਸੀ। ਜਦੋਂ ਕੰਮ ਮਿਲਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਤੇ ਜੇਬ 'ਚ ਇਕ ਰੁਪਿਇਆ ਨਹੀਂ ਬਚਿਆ। ਸਾਨੂੰ ਪੈਦਲ ਘਰਾਂ ਨੂੰ ਜਾਣਾ ਪਿਆ। ਮਜਦੂਰਾਂ ਨੇ ਕਿਹਾ ਕਿ ਅਜਿਹੀ ਸਥਿਤੀ ਨਾ ਪੈਦਾ ਹੋਵੇ ਕਿ ਸਾਨੂੰ ਪੈਦਲ ਘਰ ਜਾਣਾ ਪਵੇ ਇਸ ਲਈ ਅਸੀਂ ਹੁਣੇ ਹੀ ਘਰ ਜਾ ਰਹੇ ਹਾਂ।
ਤਿੰਨ ਹਜ਼ਾਰ ਤੋਂ ਜ਼ਿਆਦਾ ਮਜਦੂਰ ਘਰ ਪਰਤੇ
ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਲੱਗੇਗਾ ਕਿ ਸਥਿਤੀ ਠੀਕ ਹੈ ਤਾਂ ਅਸੀਂ ਵਾਪਸ ਪਰਤਾਂਗੇ ਪਰ ਅਜੇ ਸਾਡਾ ਜਾਣਾ ਹੀ ਉਚਿਤ ਹੈ। ਤਹਾਨੂੰ ਦੱਸ ਦੇਈਏ ਨਾਈਟ ਕਰਫਿਊ ਦੇ ਐਲਾਨ ਮਗਰੋਂ ਹਰਿਆਣਾ ਦੇ ਸੋਨੀਪਤ ਤੋਂ ਹੁਣ ਤਕ 3 ਹਜ਼ਾਰ ਤੋਂ ਜ਼ਿਆਦਾ ਮਜਦੂਰ ਪਲਾਇਨ ਕਰਕੇ ਆਪਣੇ ਘਰਾਂ ਲਈ ਨਿੱਕਲ ਚੁੱਕੇ ਹਨ। ਮਜਦੂਰਾਂ ਨੇ ਕਿਹਾ ਕਿ ਪਹਿਲਾਂ ਹੀ ਉਨ੍ਹਾਂ ਨੂੰ ਕਿਸਾਨ ਅੰਦੋਲਨ ਕਾਰਨ ਕੰਮ ਮਿਲਣ ਦੀ ਸਮੱਸਿਆ ਆ ਰਹੀ ਹੈ। ਅਜਿਹੇ 'ਚ ਹੁਣ ਜੇਕਰ ਸੰਪੂਰਨ ਲੌਕਡਾਊਨ ਲਾ ਦਿੱਤਾ ਤਾਂ ਜਿਓਣਾ ਮੁਸ਼ਕਿਲ ਹੋ ਜਾਵੇਗਾ।