ਨਵੀਂ ਦਿੱਲੀ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ। ਕਿਉਂਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਫਿਰ ਤੋਂ ਮੰਡਰਾ ਰਿਹਾ ਹੈ। ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਜ਼ਾਫਾ ਤੇ ਹਰਿਆਣਾ 'ਚ ਵੀ ਖਰਾਬ ਹੁੰਦੀ ਸਥਿਤੀ ਦਾ ਹਵਾਲਾ ਦਿੰਦਿਆਂ ਵਿੱਜ ਨੇ ਕਿਹਾ ਕਿ ਉਹ ਦਿੱਲੀ ਨਾਲ ਲੱਗਦੀ ਸੂਬੇ ਦੀਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਫਿਕਰਮੰਦ ਹਨ।
ਮੰਤਰੀ ਨੇ ਕਿਹਾ ਹਰਿਆਣਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸਥਿਤੀ ਨੂੰ ਕੰਟਰੋਲ 'ਚ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਪਰ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਲੈਕੇ ਚਿੰਤਾ ਬਣੀ ਹੋਈ ਹੈ ਜੋ ਹਰਿਆਣਾ ਦੀ ਹੱਦ 'ਤੇ ਬੈਠੇ ਹਨ ਤੇ ਮੈਂ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣਾ ਹੈ। ਵਿੱਜ ਨੇ 9 ਅਪ੍ਰੈਲ ਨੂੰ ਲਿਖੀ ਚਿੱਠੀ 'ਚ ਕਿਹਾ, 'ਇਕ ਚਿੰਤਾ ਇਹ ਵੀ ਹੈ ਕਿ ਉਨ੍ਹਾਂ ਤੋਂ ਇਹ ਬਿਮਾਰੀ ਪੂਰੇ ਸੂਬੇ 'ਚ ਨਾ ਫੈਲ ਜਾਵੇ।'
ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਅੰਦੋਲਨ ਕਰ ਰਹੇ ਕਿਸਾਨ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ 'ਚ ਸਮਰੱਥ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਫੀ ਯਤਨ ਕੀਤੇ ਹਨ ਤੇ ਕਈ ਦੌਰ ਦੀ ਗੱਲਬਾਤ ਵੀ ਕੀਤੀ ਪਰ ਕੁਝ ਕਾਰਨਾਂ ਕਰਕੇ ਅਜੇ ਤਕ ਹੱਲ ਨਹੀਂ ਨਿੱਕਲਿਆ।
ਉਨ੍ਹਾਂ ਕਿਹਾ 'ਕਾਫੀ ਸਮੇਂ ਤੋਂ ਗੱਲਬਾਤ ਨਹੀਂ ਹੋਈ। ਮੇਰਾ ਮੰਨਣਾ ਹੈ ਕਿ ਕਿਸੇ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੋ ਸਕਦਾ ਹੈ।' ਵਿੱਜ ਨੇ ਆਪਣੀ ਚਿੱਠੀ 'ਚ ਲਿਖਿਆ 'ਇਸ ਲਈ ਮੇਰੀ ਤਹਾਨੂੰ ਅਪੀਲ ਹੈ ਕਿ ਗੱਲਬਾਤ ਫਿਰ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਜਿਸ ਨਾਲ ਮੁੱਦੇ ਦਾ ਹੱਲ ਹੋਵੇ ਤੇ ਪ੍ਰਦਰਸ਼ਨ ਖਤਮ ਹੋਵੇ।'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :