ਚੰਡੀਗੜ੍ਹ: ਪੱਤਰਕਾਰ ਰਾਮਚੰਦਰ ਛੱਤਰਪਤੀ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਹਰਿਆਣਾ ਪੁਲਿਸ ਚੌਕਸ ਹੋ ਗਈ ਹੈ। ਪਿਛਲੀ ਵਾਰ ਰਾਮ ਰਹੀਮ ਖ਼ਿਲਾਫ਼ ਫੈਸਲਾ ਆਉਣ 'ਤੇ ਉਸ ਦੇ ਸਮਰਥਕ ਹਿੰਸਕ ਹੋ ਗਏ ਸਨ, ਜਿਸ ਤੋਂ ਹਰਿਆਣਾ ਪੁਲਿਸ ਨੇ ਸਬਕ ਸਿੱਖ ਲਿਆ ਜਾਪਦਾ ਹੈ।

ਹਰਿਆਣਾ ਪੁਲੀਸ ਦੇ ਏਡੀਜੀਪੀ ਅਰਸ਼ ਇੰਦਰ ਸਿੰਘ ਚਾਵਲਾ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਹਰਿਆਣਾ ਪੁਲਿਸ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਤਿੰਨ ਸ਼ਹਿਰਾਂ ਪੰਚਕੂਲਾ, ਸਿਰਸਾ ਤੇ ਰੋਹਤਕ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਰਾਮ ਰਹੀਮ ਬਾਰੇ ਫੈਸਲਾ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸੁਣਾਇਆ ਜਾਣਾ ਹੈ।

ਅਗਸਤ 2017 ਵਿੱਚ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਨੇ ਕਾਫੀ ਹਿੰਸਾ ਕੀਤੀ ਸੀ, ਜਿਸ ਨੂੰ ਫ਼ੌਜ ਨੇ ਹੀ ਸ਼ਾਂਤ ਕੀਤਾ ਸੀ। ਫ਼ੌਜੀ ਕਾਰਵਾਈ ਵਿੱਚ 130 ਤੋਂ ਵੱਧ ਡੇਰਾ ਪ੍ਰੇਮੀਆਂ ਦੀ ਮੌਤ ਹੋ ਗਈ ਸੀ। ਇਸ ਵਾਰ ਹਰਿਆਣਾ ਪੁਲਿਸ ਨੇ ਹੁਣ ਤਕ ਫ਼ੌਜੀ ਮਦਦ ਨਹੀਂ ਲਈ ਹੈ ਤੇ ਨਾ ਹੀ ਨੀਮ ਫ਼ੌਜੀ ਬਲਾਂ ਦੀ ਕੋਈ ਵੀ ਕੰਪਨੀ ਹਰਿਆਣਾ ਵਿੱਚ ਤਾਇਨਾਤ ਕੀਤੀ ਗਈ ਹੈ।

ਏਡੀਜੀਪੀ ਨੇ ਇਹ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਡੇਰਾ ਪ੍ਰੇਮੀਆਂ ਦੀ ਹਲਚਲ ਨਹੀਂ ਹੋ ਰਹੀ। ਉਨ੍ਹਾਂ ਖ਼ੁਫ਼ੀਆ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੰਵੇਦਨਸ਼ੀਲ ਸ਼ਹਿਰਾਂ ਦੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਪਰ ਇਸ ਵਾਰ ਖ਼ਤਰਾ ਨਹੀਂ ਹੈ। ਚਾਵਲਾ ਨੇ ਕਿਹਾ ਕਿ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਅਦਾਲਤ ਆਪਣਾ ਫੈਸਲਾ ਗੁਰਮੀਤ ਰਾਮ ਰਹੀਮ ਨੂੰ ਸੁਣਾਏਗੀ ਤੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।