ਹਰਿਆਣਾ : ਹਰਿਆਣਾ ਪੁਲਿਸ ਵੱਲੋਂ ਬੀਤੀ ਰਾਤ ਇੱਕ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ ਜਾਅਲੀ ਆਈ.ਡੀ ਕਾਰਡ ਅਤੇ ਪੁਲਿਸ ਦੀ ਵਰਦੀ ਪਹਿਣ ਕੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗੁਰੂਗ੍ਰਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਦੌਲਤਾਬਾਦ ਫਲਾਈਓਵਰ ਨੇੜੇ 2 ਨੌਜਵਾਨ ਨਕਲੀ ਪੁਲਿਸ ਵਾਲੇ ਬਣ ਕੇ ਲੁੱਟ-ਖੋਹ ਕਰ ਰਹੇ ਹਨ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਜਿੱਥੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ 10.07.2023 ਦੀ ਰਾਤ ਨੂੰ 10.30 ਵਜੇ ਰਾਜਿੰਦਰ ਪਾਰਕ ਵੱਲ ਜਾ ਰਿਹਾ ਸੀ ਤਾਂ ਦੌਲਤਾਬਾਦ ਫਲਾਈਓਵਰ ਨੇੜੇ ਸ਼ਨੀ ਮੰਦਿਰ ਦੇ ਸਾਹਮਣੇ 02 ਲੜਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਗਏ। ਜਿਨ੍ਹਾਂ ਵਿੱਚੋਂ ਇੱਕ ਨੇ ਦਿੱਲੀ ਪੁਲਿਸ ਦੀ ਵਰਦੀ ਪਾਈ ਹੋਈ ਸੀ ਅਤੇ ਦੂਜੇ ਨੇ ਚਿੱਟੀ ਕਮੀਜ਼ ਅਤੇ ਹੇਠਾਂ ਖਾਕੀ ਪੈਂਟ ਪਾਈ ਹੋਈ ਸੀ।
ਉਨ੍ਹਾਂ ਨੇ ਉਸਦਾ ਬਾਈਕ ਰੋਕ ਲਿਆ ਅਤੇ ਵਰਦੀ ਪਹਿਨੇ ਲੜਕੇ ਨੇ ਉਸਨੂੰ ਬਾਈਕ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਅਤੇ ਕਿਹਾ ਕਿ ਜੇਕਰ ਕਾਗਜ਼ ਨਹੀਂ ਹੈ ਤਾਂ 500 ਰੁਪਏ ਜ਼ੁਰਮਾਨੇ ਵਜੋਂ ਦੇਣੇ ਪੈਣਗੇ। ਪੀੜਤ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ
ਨੇ ਉਸ ਕੋਲੋਂ 500 ਰੁਪਏ ਲੈ ਲਏ, ਮੋਟਰ ਸਾਈਕਲ ਦੀ ਚਾਬੀ ਖੋਹ ਲਈ ਅਤੇ ਉਸ ਦਾ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ।
ਪੀੜਤ ਵਿਅਕਤੀ ਦੀ ਸ਼ਿਕਾਇਤ ਰਾਜੇਂਦਰ ਪਾਰਕ ਥਾਣੇ ਵਿੱਚ ਦਰਜ ਕੀਤੀ ਗਈ। ਜਿਸ ਤੋਂ ਬਾਅਦ ਥਾਣਾ ਰਾਜਿੰਦਰ ਪਾਰਕ ਦੀ ਟੀਮ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਹਰਸ਼ਿਤਮਨ ਅਤੇ ਹਿਮਾਂਸ਼ੂ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਹਿਮਾਂਸ਼ੂ ਵੱਲੋਂ ਪਹਿਨੀ ਪੁਲਿਸ ਦੀ ਵਰਦੀ ਦਿੱਲੀ ਤੋਂ ਲਿਆਂਦੀ ਗਈ ਸੀ ਅਤੇ ਹਰਸ਼ਿਤਮਨ ਵੱਲੋਂ ਦਿਖਾਇਆ ਗਿਆ ਹਰਿਆਣਾ ਪੁਲਿਸ ਦਾ ਆਈਡੀ ਕਾਰਡ ਉਸ ਨੇ ਪੰਜਾਬ ਦੇ ਅੰਮ੍ਰਿਤਸਰ ਤੋਂ ਬਣਾਇਆ ਸੀ। ਟੀਮ ਨੇ ਪੁਲਿਸ ਦੀ ਵਰਦੀ ਅਤੇ ਜਾਅਲੀ ਆਈਡੀ ਕਾਰਡ ਵੀ ਇਹਨਾ ਤੋਂ ਬਰਾਮਦ ਕਰ ਲਿਆ ਹੈ।
ਮੁਲਜ਼ਮਾਂ ਵੱਲੋਂ ਖੋਹੀ ਗਈ ਮੋਟਰਸਾਈਕਲ ਦੀ ਚਾਬੀ, 500 ਰੁਪਏ ਦਾ ਨੋਟ, ਅਪਰਾਧ ਵਿੱਚ ਵਰਤੀ ਗਈ ਦਿੱਲੀ ਪੁਲੀਸ ਦੀ ਵਰਦੀ, ਹਰਿਆਣਾ ਪੁਲਿਸ (ਇੰਸਪੈਕਟਰ) ਦਾ ਜਾਅਲੀ ਆਈਡੀ ਕਾਰਡ ਅਤੇ 01 ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ।