Haryana Republic Matrize Exit Poll Result 2024: ਅੱਜ (5 ਅਕਤੂਬਰ) ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਰਿਪਬਲਿਕ ਮੈਟਰਾਈਜ਼ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਐਗਜ਼ਿਟ ਪੋਲ ਦੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਰਹੇ ਹਨ।


ਸਰਵੇਖਣ ਮੁਤਾਬਕ, ਹਰਿਆਣਾ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਜਦੋਂ ਕਿ ਭਾਜਪਾ ਦੇ ਨਤੀਜੇ ਇਛਾਵਾਂ ਦੇ ਮੁਤਾਬਕ ਨਹੀਂ ਜਾਪਦੇ, ਜਿਵੇਂ  ਕਿ ਚੋਣਾਂ ਵਿੱਚ ਦਾਅਵਾ ਕੀਤਾ ਗਿਆ ਸੀ। ਰਿਪਬਲਿਕ ਮੈਟਰਾਈਜ਼ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ 55 ਤੋਂ 62 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਤੇ ਭਾਜਪਾ ਨੂੰ 18 ਤੋਂ 24 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਹੋਰ ਪਾਰਟੀਆਂ ਜਿਵੇਂ ਇਨੈਲੋ-ਬਸਪਾ ਗਠਜੋੜ ਨੂੰ 3 ਤੋਂ 6 ਸੀਟਾਂ, ਜੇਜੇਪੀ-ਏਐਸਪੀ ਨੂੰ 0 ਤੋਂ 3 ਸੀਟਾਂ ਅਤੇ ਹੋਰਨਾਂ ਨੂੰ 2 ਤੋਂ 5 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।



ਵੋਟ ਸ਼ੇਅਰ 'ਚ ਕੌਣ ਅੱਗੇ ?


ਇਸ ਚੋਣ ਵਿੱਚ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਦਾ ਵੋਟ ਸ਼ੇਅਰ ਵਧਿਆ ਜਾਂ ਘਟਿਆ, ਇਸ ਦਾ ਵੀ ਐਗਜ਼ਿਟ ਪੋਲ ਵਿੱਚ ਸਰਵੇਖਣ ਕੀਤਾ ਗਿਆ ਹੈ। ਸੱਤਾਧਾਰੀ ਭਾਜਪਾ ਦਾ ਵੋਟ ਸ਼ੇਅਰ 30 ਫੀਸਦੀ ਤੇ ਵਿਰੋਧੀ ਕਾਂਗਰਸ ਦਾ ਵੋਟ ਸ਼ੇਅਰ 35.80 ਫੀਸਦੀ ਰਹਿਣ ਦੀ ਉਮੀਦ ਹੈ।


2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ 40 ਸੀਟਾਂ ਜਿੱਤੀਆਂ ਸਨ ਅਤੇ ਉਸਦਾ ਵੋਟ ਸ਼ੇਅਰ 36.49 ਪ੍ਰਤੀਸ਼ਤ ਸੀ, ਜਦੋਂ ਕਿ ਕਾਂਗਰਸ ਨੇ 31 ਸੀਟਾਂ ਜਿੱਤੀਆਂ ਸਨ ਤੇ ਉਸਦਾ ਵੋਟ ਸ਼ੇਅਰ 28.08 ਪ੍ਰਤੀਸ਼ਤ ਸੀ। ਪਿਛਲੀਆਂ ਚੋਣਾਂ ਵਿੱਚ ਜੇਜੇਪੀ ਨੇ 10 ਸੀਟਾਂ ਜਿੱਤੀਆਂ ਸਨ ਤੇ ਉਸ ਦਾ ਵੋਟ ਸ਼ੇਅਰ 14.8 ਫੀਸਦੀ ਸੀ। ਇਸ ਦੇ ਨਾਲ ਹੀ ਇਨੈਲੋ ਚੌਥੇ ਸਥਾਨ 'ਤੇ ਰਹੀ, ਜਿਸ ਨੇ ਸਿਰਫ਼ ਇੱਕ ਸੀਟ ਜਿੱਤੀ ਅਤੇ ਸਿਰਫ਼ 2.44 ਫ਼ੀਸਦੀ ਵੋਟਾਂ ਹਾਸਲ ਕੀਤੀਆਂ।



ਇੱਥੇ ਦੱਸਣਾ ਜ਼ਰੂਰੀ ਹੈ ਕਿ ਐਗਜ਼ਿਟ ਪੋਲ ਸਰਵੇਖਣ ਆਧਾਰਿਤ ਹੈ। ਇਹ ਸਰਵੇਖਣ ਵੋਟ ਪਾਉਣ ਤੋਂ ਬਾਅਦ ਬਾਹਰ ਜਾਣ ਵਾਲੇ ਲੋਕਾਂ ਵਿੱਚ ਕੀਤਾ ਜਾਂਦਾ ਹੈ, ਜਿਸ ਦੇ ਆਧਾਰ 'ਤੇ ਇੱਕ ਅੰਕੜਾ ਪੇਸ਼ ਕੀਤਾ ਜਾਂਦਾ ਹੈ। ਚੋਣ ਨਤੀਜਿਆਂ ਦੇ ਅਸਲ ਅੰਕੜੇ ਚੋਣ ਕਮਿਸ਼ਨ ਵੱਲੋਂ 8 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ।


ਇਹ ਵੀ ਪੜ੍ਹੋ-Exit Poll: ਹਰਿਆਣਾ 'ਚ ਕਾਂਗਰਸ ਜਾਂ ਭਾਜਪਾ ਕਿਸਦੀ ਬਣੇਗੀ ਸਰਕਾਰ ?ਐਗਜ਼ਿਟ ਪੋਲ 'ਚ ਤਸਵੀਰ ਹੋਈ ਸਾਫ਼, ਜਾਣੋ