Chandigarh News: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੰਦੀਪ ਸਿੰਘ ਖ਼ਿਲਾਫ਼ ਛੇੜਛਾੜ ਦੇ ਮਾਮਲੇ ਦੀ ਜਾਂਚ ਕਰ ਰਹੀ ਪੜਤਾਲੀਆ ਟੀਮ ਨੇ ਜੂਨੀਅਰ ਮਹਿਲਾ ਕੋਚ ਨੂੰ ਇੱਕ ਕਰੋੜ ਰੁਪਏ ਤੇ ਵਿਦੇਸ਼ ਜਾਣ ਦੀ ਪੇਸ਼ਕਸ਼ ਕਰਨ ਦੇ ਮਾਮਲੇ ਵਿੱਚ ਹਰਿਆਣਾ ਰਾਜ ਅਥਲੈਟਿਕਸ ਐਸੋਸੀਏਸ਼ਨ ਦੇ ਮੈਂਬਰ ਨੂੰ ਨੋਟਿਸ ਜਾਰੀ ਕਰਦਿਆਂ ਅੱਜ ਪੁੱਛ-ਪੜਤਾਲ ਲਈ ਸੱਦਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਖ਼ਿਲਾਫ਼ ਦਰਜ ਕੇਸ ਵਿੱਚ ਆਈਪੀਸੀ ਦੀ ਧਾਰਾ 509 ਜੋੜ ਦਿੱਤੀ ਹੈ। 



ਦੱਸ ਦਈਏ ਕਿ ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਨੂੰ ਉਕਤ ਵਿਅਕਤੀ ਦਾ ਮੋਬਾਈਲ ਨੰਬਰ ਦਿੱਤਾ ਸੀ, ਜਿਸ ਨੇ ਉਸ ਨੂੰ ਕੇਸ ਰਫਾ-ਦਫਾ ਕਰਨ ਲਈ ਇੱਕ ਕਰੋੜ ਰੁਪਏ ਤੇ ਵਿਦੇਸ਼ ਜਾਉਣ ਦੀ ਪੇਸ਼ਕਸ਼ ਕੀਤੀ ਸੀ। ਪੁਲਿਸ ਨੇ ਉਕਤ ਮੋਬਾਈਲ ਨੰਬਰ ਦੀ ਜਾਂਚ ਕਰਦਿਆਂ ਉਕਤ ਵਿਅਕਤੀ ਨੂੰ ਸੀਆਰਪੀਸੀ ਦੀ ਧਾਰਾ 160 ਦੇ ਤਹਿਤ ਨੋਟਿਸ ਜਾਰੀ ਕਰਕੇ ਅੱਜ ਪੁੱਛ-ਪੜਤਾਲ ਲਈ ਸੱਦਿਆ ਹੈ। 



ਹਾਲਾਂਕਿ ਪੁਲਿਸ ਵੱਲੋਂ ਉਕਤ ਵਿਅਕਤੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੁਲਿਸ ਨੇ ਸੰਦੀਪ ਸਿੰਘ ਦੀ ਸੈਕਟਰ-7 ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਮੁੜ ਪੜਤਾਲ ਕੀਤੀ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਮਾਮਲੇ ਦੀ ਜਾਂਚ ਕਰਦਿਆਂ ਸੰਦੀਪ ਸਿੰਘ ਖ਼ਿਲਾਫ਼ ਦਰਜ ਕੇਸ ਵਿੱਚ ਆਈਪੀਸੀ ਦੀ ਧਾਰਾ 509 ਜੋੜ ਦਿੱਤੀ ਹੈ। ਜਦਕਿ ਪਹਿਲਾਂ ਥਾਣਾ ਸੈਕਟਰ-26 ਦੀ ਪੁਲਿਸ ਨੇ ਕੇਸ ਆਈਪੀਸੀ ਦੀ ਧਾਰਾ 354, 354-ਏ, 354-ਬੀ, 342 ਤੇ 506 ਤਹਿਤ ਦਰਜ ਕੀਤਾ ਹੈ।



ਦੱਸ ਦਈਏ ਕਿ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਛੇੜਛਾੜ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਆਪਣੇ ਅਹੁਦੇ ਤੋਂ ਲਾਂਭੇ ਹੋ ਗਏ ਸੀ। ਦੂਜੇ ਪਾਸੇ ਸੰਦੀਪ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ ਤੇ ਉਹ ਜਾਂਚ ਕਮੇਟੀ ਦੀ ਰਿਪੋਰਟ ਆਉਣ ਤਕ ਖੇਡ ਮੰਤਰੀ ਨਹੀਂ ਰਹਿਣਗੇ ਤੇ ਆਪਣੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। 


ਇਸ ਤੋਂ ਪਹਿਲਾਂ ਪੁਲਿਸ ਨੇ ਮਹਿਲਾ ਕੋਚ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਦੇ ਨਾਲ ਹੀ ਡੀਜੀਪੀ ਨੇ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਸੀ ਜਿਸ ਵਿੱਚ ਦੋ ਆਈਪੀਐਸ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।