Haryana Election 2024 Survey: ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਤੇ ਹਰਿਆਣਾ 'ਚ ਇੱਕ ਪੜਾਅ 'ਚ ਵੋਟਿੰਗ ਹੋਵੇਗੀ, ਜਦਕਿ ਦੋਵਾਂ ਸੂਬਿਆਂ ਦੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ।


ਚੋਣਾਂ ਦਾ ਪ੍ਰੋਗਰਾਮ ਜਾਰੀ ਹੁੰਦੇ ਹੀ ਹਰਿਆਣਾ ਦਾ ਓਪੀਨੀਅਨ ਪੋਲ ਸਾਹਮਣੇ ਆਇਆ ਹੈ। ਇਸ ਸਰਵੇਖਣ ਵਿੱਚ ਪਿਛਲੀ ਵਾਰ ਵਾਂਗ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋ ਰਿਹਾ। ਹਾਲਾਂਕਿ ਇਸ ਵਾਰ ਬੀਜੇਪੀ ਨੂੰ ਕਾਂਗਰਸ ਤੋਂ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।


ਟਾਈਮਜ਼ ਨਾਓ ਤੇ ਮੈਟਰਾਈਜ਼ ਦੇ ਸਰਵੇਖਣ ਅਨੁਸਾਰ ਹਰਿਆਣਾ ਵਿੱਚ ਬਹੁਮਤ ਦਾ ਅੰਕੜਾ 46 ਹੈ ਪਰ ਕਿਸੇ ਵੀ ਪਾਰਟੀ ਨੂੰ ਇੰਨੀਆਂ ਸੀਟਾਂ ਮਿਲਦੀਆਂ ਨਜ਼ਰ ਨਹੀਂ ਆ ਰਹੀਆਂ। ਸਰਵੇਖਣ ਮੁਤਾਬਕ ਭਾਜਪਾ ਗਠਜੋੜ ਨੂੰ 37-42, ਕਾਂਗਰਸ ਨੂੰ 33-38, ਜੇਜੇਪੀ ਨੂੰ ਤਿੰਨ ਤੋਂ ਅੱਠ ਤੇ ਹੋਰਨਾਂ ਨੂੰ 7 ਤੋਂ 12 ਸੀਟਾਂ ਮਿਲ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਇਸ ਵਾਰ ਫਿਰ ਜੇਜੇਪੀ ਦੇ ਦੁਸ਼ਯੰਤ ਚੌਟਾਲਾ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।



ਸਰਵੇ ਮੁਤਾਬਕ ਭਾਜਪਾ ਗਠਜੋੜ ਨੂੰ ਸਭ ਤੋਂ ਵੱਧ 35.2 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਕਾਂਗਰਸ ਨੂੰ 31.6 ਫੀਸਦੀ, ਜੇਜੇਪੀ ਨੂੰ 12.4 ਫੀਸਦੀ ਤੇ ਹੋਰਨਾਂ ਨੂੰ 20.8 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਸੈਂਪਲ ਦੇ ਆਕਾਰ ਦੀ ਗੱਲ ਕਰੀਏ ਤਾਂ ਸਰਵੇਖਣ ਲਈ 23 ਹਜ਼ਾਰ ਤੋਂ ਵੱਧ ਲੋਕਾਂ ਨਾਲ ਗੱਲ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੁਰਸ਼, ਔਰਤਾਂ ਤੇ ਪਹਿਲੀ ਵਾਰ ਵੋਟਰ ਸ਼ਾਮਲ ਹਨ। 


ਸਰਵੇ ਵਿੱਚ ਵੋਟਰਾਂ ਤੋਂ ਪੁੱਛਿਆ ਗਿਆ ਕਿ ਨਾਇਬ ਸਿੰਘ ਸੈਣੀ ਦੀ ਮੁੱਖ ਮੰਤਰੀ ਵਜੋਂ ਕਾਰਗੁਜ਼ਾਰੀ ਕਿਹੋ ਜਿਹੀ ਰਹੀ? ਇਸ 'ਤੇ 40 ਫੀਸਦੀ ਨੇ ਕਿਹਾ ਕਿ ਇਹ ਬਹੁਤ ਵਧੀਆ ਰਹੀ, 21 ਫੀਸਦੀ ਨੇ ਕਿਹਾ ਕਿ ਇਹ ਔਸਤ ਰਹੀ, 24 ਫੀਸਦੀ ਨੇ ਕਿਹਾ ਕਿ ਇਹ ਚੰਗਾ ਨਹੀਂ ਤੇ 15 ਫੀਸਦੀ ਨੇ ਕਿਹਾ ਕਿ ਕੁਝ ਨਹੀਂ ਕਿਹਾ ਜਾ ਸਕਦਾ। 


ਜਦੋਂ ਵੋਟਰਾਂ ਨੂੰ ਦੁਸ਼ਯੰਤ ਚੌਟਾਲਾ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਦਾ ਰੋਲ ਕੀ ਹੋਵੇਗਾ? ਇਸ 'ਤੇ 24 ਫੀਸਦੀ ਨੇ ਕਿਹਾ ਕਿ ਉਹ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਭਾਜਪਾ ਗਠਜੋੜ ਨਾਲ ਜਾਣਗੇ, ਜਦਕਿ 44 ਫੀਸਦੀ ਨੇ ਕਿਹਾ ਕਿ ਉਹ ਕਾਂਗਰਸ ਨਾਲ ਜਾ ਸਕਦੇ ਹਨ, ਜਦਕਿ 22 ਫੀਸਦੀ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਕਿਸੇ ਵੀ ਗਠਜੋੜ ਦਾ ਹਿੱਸਾ ਨਹੀਂ ਹੋਣਗੇ।



ਹਰਿਆਣਾ ਚੋਣਾਂ ਦੇ ਅਹਿਮ ਮੁੱਦੇ ਕੀ ਹਨ? ਇਸ 'ਤੇ 39 ਫੀਸਦੀ ਲੋਕਾਂ ਨੇ ਕਿਹਾ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, 26 ਫੀਸਦੀ ਲੋਕਾਂ ਨੇ ਗਠਜੋੜ ਤੇ 23 ਫੀਸਦੀ ਨੇ ਕਿਸਾਨਾਂ ਦੇ ਮੁੱਦੇ ਨੂੰ ਅਹਿਮ ਦੱਸਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਕਿਹੜਾ ਚਿਹਰਾ ਪਸੰਦੀਦਾ ਹੈ? ਇਸ ਸਵਾਲ 'ਤੇ ਸਭ ਤੋਂ ਵੱਧ ਲੋਕਾਂ ਨੇ ਨਾਇਬ ਸਿੰਘ ਸੈਣੀ ਨੂੰ 29 ਫੀਸਦੀ, ਭੁਪਿੰਦਰ ਸਿੰਘ ਹੁੱਡਾ ਨੂੰ 27 ਫੀਸਦੀ ਤੇ ਦੁਸ਼ਯੰਤ ਚੌਟਾਲਾ ਨੂੰ 9 ਫੀਸਦੀ ਵੋਟਾਂ ਪਾਈਆਂ।