Jual Oram Wife Jhingia Oram: ਕੇਂਦਰੀ ਮੰਤਰੀ ਜੁਐਲ ਓਰਾਮ ਦੀ ਪਤਨੀ ਝਿੰਗੀਆ ਓਰਾਮ ਦੀ ਮੌਤ ਹੋ ਗਈ ਹੈ। ਉਹ ਲੰਬੇ ਸਮੇਂ ਤੋਂ ਡੇਂਗੂ ਤੋਂ ਪੀੜਤ ਸਨ ਅਤੇ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਸਥਿਤ ਅਪੋਲੋ ਹਸਪਤਾਲ 'ਚ ਇਲਾਜ ਅਧੀਨ ਸਨ। ਝਿੰਗੀਆ ਦੀ ਇਲਾਜ ਦੌਰਾਨ ਮੌਤ ਹੋ ਗਈ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਐਲ ਓਰਾਮ ਵੀ ਡੇਂਗੂ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਆਖਰੀ ਵਾਰ ਲੋਕ ਸਭਾ ਚੋਣਾਂ ਦੌਰਾਨ ਦੇਖਿਆ ਗਿਆ ਸੀ।


ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਇਲਾਜ


ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਝਿੰਗੀਆ ਓਰਮ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਸੀਐਮ ਮਾਝੀ ਨੇ ਝਿੰਗੀਆ ਨੂੰ ਇੱਕ ਨੇਕ, ਨਰਮ ਸੁਭਾਅ ਵਾਲੀ ਦੱਸਿਆ ਹੈ, ਜੋ ਸਮਾਜਿਕ ਅਤੇ ਚੈਰੀਟੇਬਲ ਕੰਮਾਂ ਵਿੱਚ ਲੱਗੀ ਰਹਿੰਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਝਿੰਗੀਆ ਨੇ ਜੁਐਲ ਦੇ ਲੰਬੇ ਸਿਆਸੀ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਘਟਨਾ ਕਾਰਨ ਜਿਊਲ ਦੇ ਸੰਸਦੀ ਹਲਕਾ ਸੁੰਦਰਗੜ੍ਹ 'ਚ ਵੀ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ।



ਮੁੱਖ ਮੰਤਰੀ ਦੇ ਨਾਲ-ਨਾਲ ਕਾਨੂੰਨ ਮੰਤਰੀ ਪ੍ਰਿਥਵੀਰਾਜ ਹਰੀਚੰਦਨ, ਸਿਹਤ ਮੰਤਰੀ ਮੁਕੇਸ਼ ਮਹਾਲਿੰਗ, ਵਿਧਾਨ ਸਭਾ ਸਪੀਕਰ ਸੁਰਮਾ ਪਾਢੀ ਅਤੇ ਹੋਰ ਭਾਜਪਾ ਨੇਤਾਵਾਂ ਨੇ ਵਿਛੜੀ ਰੂਹ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝਿੰਗੀਆ ਨੂੰ ਡੇਂਗੂ ਤੋਂ ਪੀੜਤ ਹੋਣ ਮਗਰੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਪਿਛਲੇ 9 ਦਿਨਾਂ ਤੋਂ ਇੱਥੇ ਇਲਾਜ ਅਧੀਨ ਸੀ। ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ, ਜਿਸ ਤੋਂ ਬਾਅਦ 58 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ।



ਰਾਜਨੀਤੀ ਦੇ ਸਭ ਤੋਂ ਪੁਰਾਣੇ ਦਿੱਗਜਾਂ ਵਿੱਚੋਂ ਇੱਕ ਹਨ ਜੁਐਲ ਓਰਾਮ 


ਜੁਐਲ ਓਰਾਮ ਓਡੀਸ਼ਾ ਦੀ ਰਾਜਨੀਤੀ ਦੇ ਸਭ ਤੋਂ ਪੁਰਾਣੇ ਦਿੱਗਜਾਂ ਵਿੱਚੋਂ ਇੱਕ ਹਨ। ਉਹ ਛੇਵੀਂ ਵਾਰ ਸੰਸਦ ਮੈਂਬਰ ਵਜੋਂ ਲੋਕ ਸਭਾ ਪੁੱਜੇ ਹਨ। ਸੁੰਦਰਗੜ੍ਹ ਨੂੰ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੋਂ ਉਹ 1998 ਤੋਂ ਚੋਣਾਂ ਜਿੱਤਦੇ ਆ ਰਹੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਵੀ ਰਹਿ ਚੁੱਕੇ ਹਨ।