Bhagwant Mann On Hathras Stampede: ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।


CM ਭਗਵੰਤ ਮਾਨ ਨੇ ਐਕਸ 'ਤੇ ਲਿਖਿਆ, "ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਕਰਕੇ ਸ਼ਰਧਾਲੂਆਂ ਦੀ ਮੌਤ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ... ਪ੍ਰਮਾਤਮਾ ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਵੀ ਅਰਦਾਸ ਕਰਦਾ ਹਾਂ।


ਦੱਸ ਦਈਏ ਕਿ ਇਸ ਘਟਨਾ ਵਿੱਚ ਹੁਣ ਤੱਕ 116 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਮੰਗਲਵਾਰ ਨੂੰ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਇਲਾਕੇ 'ਚ ਆਯੋਜਿਤ ਇਕ ਸਤਿਸੰਗ 'ਚ ਪ੍ਰਚਾਰਕ ਭੋਲੇ ਬਾਬਾ ਦੇ ਦਰਸ਼ਨਾਂ ਲਈ ਜਾ ਰਹੇ ਪੈਰੋਕਾਰਾਂ ਦੇ ਚਿੱਕੜ ਚ ਤਿਲਕਣ ਕਰਕੇ ਭਗਦੜ ਮਚ ਗਈ। ਚਸ਼ਮਦੀਦ ਨੇ ਇਹ ਜਾਣਕਾਰੀ ਦਿੱਤੀ।






ਜੈਪੁਰ ਤੋਂ ਸਤਿਸੰਗ 'ਚ ਸ਼ਾਮਲ ਹੋਣ ਲਈ ਆਪਣੇ ਪਰਿਵਾਰ ਨਾਲ ਆਈ ਇਕ ਔਰਤ ਨੇ ਏਟਾ ਦੇ ਪੋਸਟਮਾਰਟਮ ਹਾਊਸ 'ਚ ਦੱਸਿਆ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਅਚਾਨਕ ਲੋਕ ਬਾਹਰ ਆਉਣ ਲੱਗ ਪਏ, ਜਿਸ ਕਾਰਨ ਭਗਦੜ ਮੱਚ ਗਈ। ਇਕ ਹੋਰ ਚਸ਼ਮਦੀਦ ਨੇ ਕਿਹਾ, “ਅਸੀਂ ਸਦਭਾਵਨਾ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ ਸੀ। ਪ੍ਰੋਗਰਾਮ ਸਵੇਰੇ 11.30 ਵਜੇ ਸ਼ੁਰੂ ਹੋਇਆ। ਧੱਕਾ-ਮੁੱਕੀ ਕਰਕੇ ਇਹ ਘਟਨਾ ਵਾਪਰੀ। ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ ਉੱਥੇ ਦੇ ਪ੍ਰਬੰਧ ਕਾਫੀ ਘੱਟ ਸਨ।


ਚਸ਼ਮਦੀਦ ਸੋਨੂੰ ਕੁਮਾਰ ਨੇ ਦੱਸਿਆ, "ਪਾਣੀ ਦੀਆਂ ਟੈਂਕੀਆਂ ਅਤੇ ਬਰਸਾਤ ਦੇ ਪਾਣੀ ਨਾਲ ਨੇੜੇ-ਤੇੜੇ ਦੀਆਂ ਨਾਲੀਆਂ ਭਰੀਆਂ ਹੋਈਆਂ ਸਨ। ਜਿਸ ਕਰਕੇ ਫਰਸ਼ 'ਤੇ ਪੂਰੀ ਫਿਸਲਣ ਹੋਈ ਪਈ ਸੀ।" ਸੋਨੂੰ ਨੇ ਦੱਸਿਆ ਕਿ ਜਦੋਂ ਗੁਰੂ ਜੀ ਢੇਡ ਘੰਟੇ ਬਾਅਦ ਉੱਥੋਂ ਨਿਕਲੇ ਤਾਂ ਸ਼ਰਧਾਲੂ ਅਚਾਨਕ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਉਣ ਲਈ ਉਨ੍ਹਾਂ ਦੇ ਪਿੱਛੇ ਭੱਜੇ। ਜਿਵੇਂ ਹੀ ਉਨ੍ਹਾਂ ਦੀ ਕਾਰ ਉੱਥੋਂ ਨਿਕਲੀ, ਸ਼ਰਧਾਲੂਆਂ ਨੂੰ ਜ਼ਮੀਨ 'ਤੇ ਝੁਕਦਿਆਂ ਹੋਇਆਂ ਦੇਖਿਆ ਜਾ ਸਕਦਾ ਸੀ। ਸੋਨੂੰ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਏ ਤਾਂ ਫਰਸ਼ 'ਤੇ ਫਿਸਲਣ ਹੋਣ ਕਰਕੇ ਸਾਰੇ ਇੱਕ-ਦੂਜੇ 'ਤੇ ਡਿੱਗ ਪਏ। ਉਸ ਨੇ ਕਿਹਾ ਕਿ ਲਗਭਗ 10,000 ਲੋਕਾਂ ਦੀ ਭੀੜ ਸੀ।