ਹੈਦਰਾਬਾਦ: ਨਿਜ਼ਾਮ ਦੇ ਸ਼ਹਿਰ ਹੈਦਰਾਬਾਦ 'ਚ ਖਾਣ-ਪੀਣ ਜਾਂ ਪੈੱਗ-ਸ਼ੈੱਗ ਦੇ ਸ਼ੌਕੀਨਾਂ ਨੂੰ ਆਉਣ ਵਾਲੇ ਦਿਨਾਂ 'ਚ ਝਟਕਾ ਲੱਗ ਸਕਦਾ ਹੈ। ਜੇਕਰ ਉਹ ਰਾਤ ਸਮੇਂ ਘਰੋਂ ਬਾਹਰ ਨਿਕਲੇ ਤੇ ਜਲਦਬਾਜ਼ੀ 'ਚ ਆਪਣਾ ਆਧਾਰ ਕਾਰਡ ਘਰ ਹੀ ਭੁੱਲ ਗਏ ਤਾਂ ਪੱਬ ਜਾ ਕੇ ਪੈੱਗ ਨਹੀਂ ਲਾ ਸਕਣਗੇ। ਦਿਲਚਸਪ ਗੱਲ ਇਹ ਹੈ ਕਿ ਬੈਂਕ ਖਾਤਾ, ਪੈਨ ਕਾਰਡ ਤੇ ਸਰਕਾਰੀ ਸਬਸਿਡੀ ਵਰਗੀਆਂ ਚੀਜ਼ਾਂ ਲਈ ਜ਼ਰੂਰੀ ਸਮਝਿਆ ਜਾਣ ਵਾਲਾ ਆਧਾਰ ਕਾਰਡ ਹੁਣ ਤੇਲੰਗਾਨਾ 'ਚ ਪੱਬ ਜਾਣ ਲਈ ਵੀ ਜ਼ਰੂਰੀ ਹੋ ਗਿਆ ਹੈ। ਤੇਲੰਗਾਨਾ ਦੇ ਐਕਸਾਇਜ਼ ਡਿਪਾਰਟਮੈਂਟ ਨੇ ਪੱਬ 'ਚ ਸ਼ਰਾਬ ਖਰੀਦਣ ਲਈ ਵੀ ਆਧਾਰ ਕਾਰਡ ਜਾਂ ਪਛਾਣ ਪੱਤਰ ਵਿਖਾਉਣਾ ਜ਼ਰੂਰੀ ਕਰ ਦਿੱਤਾ ਹੈ। ਕਿਉਂ ਲਿਆ ਇਹ ਫੈਸਲਾ? ਕੁਝ ਦਿਨ ਪਹਿਲਾਂ ਹੀ ਇੱਕ ਨਾਬਾਲਿਗ ਸਟੂਡੈਂਟ ਦਾ ਉਸ ਦੇ ਦੋਸਤ ਨੇ ਨਸ਼ੇ ਦੀ ਹਾਲਤ 'ਚ ਕਤਲ ਕਰ ਦਿੱਤਾ ਸੀ। ਇਸ ਤਰ੍ਹਾਂ ਲਗਾਤਾਰ ਵਧ ਰਹੇ ਕ੍ਰਾਈਮ 'ਤੇ ਨੱਥ ਪਾਉਣ ਲਈ ਹੀ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ 21 ਸਾਲ ਤੋਂ ਘੱਟ ਉਮਰ ਦੇ ਮੁੰਡੇ-ਕੁੜੀਆਂ ਨੂੰ ਪੱਬ ਅੰਦਰ ਨਾ ਜਾਣ ਦਿੱਤਾ ਜਾਵੇਗਾ। ਆਧਾਰ ਕਾਰਡ 'ਤੇ ਉਮਰ ਦੀ ਜਾਂਚ ਤੋਂ ਬਾਅਦ ਹੀ ਪੱਬ 'ਚ ਐਂਟਰੀ ਦਿੱਤੀ ਜਾਵੇ। ਐਸਆਈਟੀ ਨੇ ਪਹਿਲਾਂ ਸ਼ਹਿਰ 'ਚ 14 ਪੱਬਾਂ 'ਚ ਚੰਗੇ ਮੈਨੇਜਮੈਂਟ ਲਈ ਪੱਤਰ ਲਿਖਿਆ ਸੀ ਤੇ ਇੱਕ ਕੱਲਬ ਦਾ ਲਾਇਸੰਸ ਵੀ ਸਸਪੈਂਡ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਰਕਾਰ ਆਧਾਰ ਕਾਰਡ ਨੂੰ ਸਾਰੀ ਜ਼ਰੂਰੀ ਸੇਵਾਵਾਂ ਲਈ ਪੱਕਾ ਕਰ ਰਹੀ ਹੈ। ਮੋਬਾਈਲ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਤੋਂ ਲੈ ਕੇ ਡ੍ਰਾਇਵਿੰਗ ਲਾਇਸੰਸ ਤੱਕ ਨੂੰ ਇਸ ਨਾਲ ਜੋੜਣ ਦੀ ਤਿਆਰੀ ਹੈ।