ਨਵੀਂ ਦਿੱਲੀ: ਨਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ ਦਿਨਾਂ ਦੇ ਵਰਤ 'ਤੇ ਰਹਿਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਅੱਜ ਤੋਂ 9 ਦਿਨ ਲਈ ਵਰਤ ਰੱਖਣਗੇ। ਮਾਂ ਦੁਰਗਾ ਦੇ 9 ਰੂਪਾਂ ਦੀ ਅਰਾਧਨਾ ਦਾ ਪੁਰਵ ਅੱਜ ਤੋਂ ਸ਼ੁਰੂ ਹੋ ਕੇ 29 ਸਤੰਬਰ ਨੂੰ ਸਮਾਪਤ ਹੋਵੇਗਾ ਤੇ 30 ਸਤੰਬਰ ਨੂੰ ਦੁਸਿਹਰੇ ਮਾਣਿਆ ਜਾਵੇਗਾ। ਇਨ੍ਹਾਂ 9 ਦਿਨਾਂ ਵਿੱਚ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਦਾ ਵਿਧਾਨ ਹੈ। ਨਰਾਤਿਆਂ ਦੇ ਪਹਿਲੇ ਦਿਨ ਮੰਗਲ ਕਾਮਨਾ ਲਈ ਕਲਸ਼ ਸਥਾਪਨਾ ਦਾ ਵਿਧਾਨ ਹੈ। ਅੱਜ ਸ਼ਕਤੀ ਦੇ ਪਹਿਲੇ ਰੂਪ ਸ਼ੈਲਪੁੱਤਰੀ ਦੀ ਅਰਾਧਨਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਸਾਲਾਂ ਤੋਂ ਨਰਾਤਿਆਂ ਵਿੱਚ 9 ਦਿਨ ਦਾ ਵਰਤ ਰੱਖਦੇ ਆ ਰਹੇ ਹਨ। ਨਰਾਤਿਆਂ ਦੇ ਪਹਿਲੇ ਦਿਨ ਮੋਦੀ ਨਾਵਦੇਵੀ ਦੀ ਖਾਸ ਪੂਜਾ ਕਰਦੇ ਹਨ। ਉਹ ਸਿਰਫ ਪਾਣੀ ਨਾਲ ਹੀ ਵਰਤ ਰੱਖਦੇ ਹਨ। ਇਸ ਦੌਰਾਨ ਉਹ ਰੋਜ਼ ਦੀ ਤਰ੍ਹਾਂ ਹੀ ਕੰਮ ਕਰਦੇ ਹਨ। ਦਰਅਸਲ ਮੋਦੀ ਦੀ ਨਰਾਤਿਆਂ ਦੌਰਾਨ ਵਰਤ ਰੱਖਣ ਦੀ ਆਦਤ ਇੰਨੀ ਪੁਰਾਣੀ ਹੋ ਚੁੱਕੀ ਹੈ ਕਿ ਉਨ੍ਹਾਂ ਦੇ ਸ਼ਰੀਰ 'ਤੇ ਇਸ ਦਾ ਕੁਝ ਖਾਸ ਅਸਰ ਨਹੀਂ ਦਿਖਾਈ ਦਿੰਦਾ। ਰੋਜ਼ਾਨਾ ਦਾ ਕੰਮ ਪਹਿਲਾਂ ਵਾਂਗ ਹੀ ਕਰਦੇ ਹਨ। ਨਰਾਤਿਆਂ ਤੋਂ ਬਾਅਦ ਮੋਦੀ ਵਿਜੇ ਦਸ਼ਮੀ ਮੌਕੇ ਸ਼ਾਸ਼ਤਰ ਪੂਜਾ ਵੀ ਕਰਦੇ ਹਨ। ਬਤੌਰ ਗੁਜਰਾਤ ਦੇ ਮੁੱਖ ਮੰਤਰੀ 2001 ਤੋਂ 2014 ਦਰਮਿਆਨ ਹਰ ਵਿਜੇ ਦਸ਼ਮੀ ਤੇ ਆਪਣੇ ਸੁਰੱਖਿਆ ਕਰਮੀਆਂ ਨਾਲ ਬੈਠ ਕੇ ਮੋਦੀ ਸ਼ਾਸ਼ਤਰ ਪੂਜਾ ਕਰਦੇ ਸਨ। ਇਸ ਵਿੱਚ ਉਨ੍ਹਾਂ ਨੂੰ ਕੋਈ ਝਿਜਕ ਵੀ ਨਹੀਂ ਹੁੰਦੀ ਸੀ।