ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..
ਏਬੀਪੀ ਸਾਂਝਾ | 21 Sep 2017 10:04 AM (IST)

ਨਵੀਂ ਦਿੱਲੀ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਦਿਆਰਥੀ ਸੁਰੱਖਿਆ ਯਕੀਨੀ ਕਰਨ ਲਈ ਕੱਲ੍ਹ ਸਪੱਸ਼ਟ ਕੀਤਾ ਕਿ ਸਰਕਾਰੀ ਸਕੂਲਾਂ ਦੇ ਨੇੜਲੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕੀਤਾ ਜਾਵੇਗਾ ਤੇ ਜਿਨ੍ਹਾਂ ਅਫਸਰਾਂ ਨੇ ਠੇਕੇ ਅਲਾਟ ਕੀਤੇ ਸਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੱਲ੍ਹ ਸ਼ਾਮ ਟਵੀਟ ਕਰ ਕੇ ਕਿਹਾ ਕਿ ਸਕੂਲਾਂ ਨੇੜੇ ਸ਼ਰਾਬ ਦੇ ਠੇਕਿਆਂ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਨੂੰਨ ਤੋਂ ਬਾਹਰ ਜਾ ਕੇ ਅਜਿਹੇ ਠੇਕੇ ਅਲਾਟ ਕਰਨ ਵਾਲੇ ਅਫਸਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਕਈ ਮੀਡੀਆ ਰਿਪੋਰਟਾਂ ਵਿੱਚ ਵਿਖਾਇਆ ਗਿਆ ਹੈ ਕਿ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਸਕੂਲਾਂ ਦੇ ਕੋਲ ਸ਼ਰਾਬ ਦੇ ਠੇਕੇ ਹਨ। ਵਰਨਣ ਯੋਗ ਹੈ ਕਿ ਗੁੜਗਾਓਂ ਦੇ ਰਿਆਨ ਸਕੂਲ ਵਿੱਚ ਵਾਪਰੇ ਹਾਦਸੇ ਵਿੱਚ ਸੱਤ ਸਾਲਾ ਬੱਚੇ ਪ੍ਰਦੁੱਮਨ ਦੀ ਮੌਤ ਹੋਣ ਅਤੇ ਸ਼ਾਹਦਰਾ ਦੇ ਇੱਕ ਸਕੂਲ ਵਿੱਚ ਪੰਜ ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਦਾ ਕੇਸ ਸਾਹਮਣੇ ਆਉਣ ਪਿੱਛੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਕੂਲਾਂ ਦੀ ਸੁਰੱਖਿਆ ਬਾਰੇ ਪਿਛਲੇ ਦਿਨੀਂ ਉਚ ਪੱਧਰੀ ਮੀਟਿੰਗ ਕੀਤੀ ਸੀ। ਸਰਕਾਰ ਨੇ ਸਕੂਲ ਪ੍ਰਿੰਸੀਪਲਾਂ ਨੂੰ ਸਖਤ ਹਦਾਇਤ ਦਿੱਤੀ ਕਿ ਉਹ ਸਕੂਲਾਂ ਦੇ ਦੁਆਲੇ ਦੇ ਸ਼ਰਾਬ ਦੇ ਠੇਕਿਆਂ ਦੇ ਵੇਰਵੇ ਸਰਕਾਰ ਨੂੰ ਦੇਣ, ਜੋ ਸਕੂਲੀ ਮਾਹੌਲ ਨੂੰ ਗੰਧਲਾ ਕਰ ਰਹੇ ਹਨ, ਤਾਂ ਕਿ ਮਾਹੌਲ ਨੂੰ ਗੰਧਲਾ ਹੋਣ ਤੋਂ ਰੋਕਿਆ ਜਾ ਸਕੇ ਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।