ਚੰਡੀਗੜ੍ਹ: ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲ ਗਈ ਹੈ। ਰਾਜਧਾਨੀ ਦੇ ਨਾਲ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਕੱਲ੍ਹ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਤੇ ਅੱਜ ਵੀ ਮੀਂਹ ਪੈਣ ਦਾ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਅਸਮਾਨ ਵਿੱਚ ਦੂਰ-ਦੂਰ ਤਕ ਧੂੜ ਛਾਈ ਹੋਈ, ਜਿਹੜੀ ਹੁਣ ਘਟ ਰਹੀ ਹੈ। ਅੰਮ੍ਰਿਤਸਰ ਵਿੱਚ ਰਾਤ ਸਮੇਂ ਹਲਕੀ ਬਾਰਿਸ਼ ਹੋਈ ਸੀ, ਪਰ ਮਾਲਵੇ ਵਿੱਚ ਮੀਂਹ ਦਾ ਅਸਰ ਘੱਟ ਹੀ ਰਿਹਾ।

ਪਿਛਲੇ ਕਈ ਦਿਨਾਂ ਤੋਂ ਪੰਜਾਬ, ਚੰਡੀਗੜ੍ਹ ਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਸੀ ਜਿਸ ਨਾਲ ਧੂੜ ਦੇ ਗੁਬਾਰ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੌਸਮ ਵਿਭਾਗ ਨੇ ਅੱਜ ਵੀ ਬੱਦਲ ਛਾਏ ਰਹਿਣ ਦਾ ਅਨੁਮਾਨ ਲਾਇਆ ਹੈ। ਸ਼ਾਮ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

 

ਅਗਲੇ ਕੁਝ ਦਿਨਾਂ ਤਕ ਮਾਨਸੂਨ ਆਪਣੀ ਜਗ੍ਹਾ ਸਥਿਰ ਰਹੇਗਾ ਜਦਕਿ ਉੱਤਰ ਪੂਰਬੀ ਸੂਬਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮਾਨਸੂਨ ਦੀ ਉੱਤਰੀ ਸੀਮਾ ਠਾਣੇ, ਮੁੰਬਈ, ਅਹਿਮਦਨਗਰ, ਬੁਲਢਾਣਾ, ਗੋਂਡੀਆ, ਤਿਤਲਾਗੜ੍ਹ, ਕਟਕ, ਮਿਦਨਾਪੁਰ, ਗੋਲਪਾੜਾ ਤੇ ਬਾਗਡੋਰਾ ਤੋਂ ਲੰਘ ਰਹੀ ਹੈ। ਹੁਣ ਮਾਨਸੂਨ ਦੇ ਉੱਤਰੀ ਸੀਮਾ ਤੋਂ ਅੱਗੇ ਵਧਣ ਦੇ ਆਸਾਰ ਘੱਟ ਹਨ ਕਿਉਂਕਿ ਮੌਨਸੂਨ ਦਾ ਪ੍ਰਵਾਹ ਕਮਜ਼ੋਰ ਹੋ ਗਿਆ ਹੈ।