ਚੰਡੀਗੜ੍ਹ: ਹਿਮਾਚਲ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਧਾਰ ਬਾਰਸ਼ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਕਾਰਨ ਸਾਰੀਆਂ ਨਦੀਆਂ ’ਚ ਪਾਣੀ ਚੜ੍ਹ ਗਿਆ ਹੈ। ਸਿੱਸੂ ਟਨਲ ਸਾਈਟ ਵਿੱਚ ਡੇਢ ਫੁੱਟ ਤਕ ਬਰਫ਼ਬਾਰੀ ਹੋਈ। ਕੁੱਲੂ ਦੇ ਬਿਜੌਰਾ ਵਿੱਚ ਕਈ ਘਰਾਂ ਅੰਦਰ ਪਾਣੀ ਜਮ੍ਹਾ ਹੋ ਗਿਆ। ਪਾਣੀ ਦੇ ਵਹਾਅ ਵਿੱਚ ਇੱਕ 14 ਸਾਲ ਦੀ ਲੜਕੀ ਦੇ ਵਹਿਣ ਦਾ ਖ਼ਬਰ ਹੈ ਜਦਕਿ ਕਾਂਗੜਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਲਾਹੌਲ ਸਪਿਤੀ ਵਿੱਚ 9 ਜਣੇ ਫਸੇ ਹੋਏ ਹਨ। ਬੀਤੀ ਰਾਤ ਮਨਾਲੀ ਵਿੱਚ ਵੀ ਫਸੇ ਹੋਏ ਦੋ ਜਣਿਆਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ।

ਪੂਰੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਥਾਂ-ਥਾਂ ’ਤੇ ਜ਼ਮੀਨ ਖਿਸਕਣ ਕਾਰਨ 300 ਤੋਂ ਵੱਧ ਸੜਕਾਂ ਦੀ ਆਵਾਜਾਈ ਠੱਪ ਹੋ ਗਈ ਹੈ। ਚੰਬਾ ਦਾ ਰਾਵੀ ਤੇ ਕੁੱਲੂ-ਮੰਡੀ ਦਾ ਬਿਆਸ ਤੇ ਪਾਰਵਤੀ ਦਰਿਆ ਪਾਣੀ-ਪਾਣੀ ਹੋ ਗਏ ਹਨ, ਜਿਨ੍ਹਾਂ ਨੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ।

ਸਭ ਤੋਂ ਜ਼ਿਆਦਾ ਨੁਕਸਾਨ ਕੁੱਲੂ ਮਨਾਲੀ ਵਿੱਚ ਹੋਇਆ ਜਿੱਥੇ ਮਨਾਲੀ ਹੈਲੀਪੈਡ ਵਹਿ ਗਿਆ। ਕੁੱਲੂ-ਮਨਾਲੀ ਸੜਕ ’ਤੇ ਡੋਭੀ ਪੁਲ਼ ਤੇ ਕਲਾਥ ਗਰਮ ਪਾਣੀ ਸਨਾਨਾਗਾਰ ਵੀ ਵਹਿ ਗਏ। ਭੁੰਤਰ ਪੁਲ਼ ਵੀ ਖ਼ਤਰੇ ਵਿੱਚ ਦਿਖ ਰਿਹਾ ਹੈ। ਸੇਊਬਾਗ ਤੇ ਨਹਿਰੂ ਕੁੰਡ ਪੁਲ਼ ਵੀ ਵਹਿ ਗਏ। ਕੱਲ੍ਹ ਮਨਾਲੀ ਵਿੱਚ ਵਾਲਵੋ ਬੱਸ ਤੇ ਕੁੱਲੂ ਵਿੱਚ ਟਰੱਕ ਤਹਿਸ-ਨਹਿਸ ਹੋ ਗਏ। ਕੁੱਲੂ-ਮਨਾਲੀ ਮਾਰਗ ’ਤੇ ਭੂਤਨਾਥ ਮਾਰਗ ਪੁਲ਼ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ ਹੈ।

ਇਸ ਤੋਂ ਇਲਾਵਾ ਟਰੱਕ ਯੂਨੀਅਨ ਵਿੱਚ ਤਿੰਨ ਦੁਕਾਨਾਂ ਪਾਣੀ ਨਾਲ ਵਹਿ ਗਈਆਂ। ਲਾਹੁਲ ਸਪਿਤੀ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੈਂਪਿੰਗ ਸਾਈਟ, ਨੇਚਰ ਪਾਰਕ, ਹੋਟਲ ਐਪਲ ਵੈਲੀ, ਆਖੜਾ ਬਾਜ਼ਾਰ, ਭੁੰਤਰ, ਲੰਕਾ ਬੇਕਰ, ਹਨੂਮਾਨ ਮੰਦਰ ਰਾਮਸ਼ਿਲਾ, ਵਬੇਲੀ, ਰਾਏਸਨ, ਜੋਭੀ ਵਿਹਾਲ ਆਦਿ ਜਲਥਲ ਹੋ ਗਏ ਹਨ ਤੇ ਖ਼ਤਰੇ ਵਿੱਚ ਹਨ।