ਨਵੀਂ ਦਿੱਲੀ: ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਖੁਲਾਸੇ ਤੋਂ ਬਾਅਦ ਵਿਵਾਦਾਂ ਵਿੱਚ ਘਿਰੀ ਮੋਦੀ ਸਰਕਾਰ ਰਾਫ਼ੇਲ ਲੜਾਕੂ ਜਹਾਜ਼ਾਂ ਦਾ ਸੌਦਾ ਪੂਰ ਚਾੜ੍ਹਨ 'ਤੇ ਅੜੀ ਹੋਈ ਹੈ। ਸੌਦਾ ਰੱਦ ਹੋਣ ਦੀ ਸੰਭਾਵਨਾਵਾਂ ਨੂੰ ਰੱਦ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਓਲਾਂਦ ਆਪਾ ਵਿਰੋਧੀ ਬਿਆਨ ਦੇ ਰਹੇ ਹਨ ਤੇ ਨਾ ਹੀ ਭਾਰਤ ਤੇ ਨਾ ਹੀ ਫਰਾਂਸ ਸਰਕਾਰ ਨੇ ਦਾਸੋ ਦੀ ਭਾਈਵਾਲ ਵਜੋਂ ਰਿਲਾਇੰਸ ਦੀ ਚੋਣ ਵਿੱਚ ਕੋਈ ਭੂਮਿਕਾ ਨਿਭਾਈ ਸੀ। ਕਾਂਗਰਸ ਨੇ ਵੀ ਜੇਤਲੀ ਦੇ ਬਿਆਨ ਦਾ ਤੁਰੰਤ ਮੋੜਵਾਂ ਜਵਾਬ ਦਿੱਤਾ ਤੇ ਨਸੀਹਤ ਦਿੱਤੀ ਕਿ ਉਨ੍ਹਾਂ ਨੂੰ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ।


ਜੇਤਲੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਓਲਾਂਦ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨਾਂ ਦਰਮਿਆਨ ਕੋਈ ਨਾ ਕੋਈ ‘ਜੁਗਲਬੰਦੀ’ ਜਾਪਦੀ ਹੈ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ, 30 ਅਗਸਤ ਨੂੰ ਰਾਹੁਲ ਨੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ ਫ਼ਰਾਂਸ ਵਿੱਚ ਬੰਬ (ਰਾਫ਼ੇਲ ਸੌਦੇ ਬਾਰੇ) ਫਟਣ ਜਾ ਰਹੇ ਹਨ। ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਲੱਗਾ? ਹਾਲਾਂਕਿ ਬਾਅਦ ਵਿੱਚ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਹਾਲਾਂਕਿ ਉਨ੍ਹਾਂ ਕੋਲ ਇਸ ਦਾ ਕੋਈ ਸਬੂਤ ਤਾਂ ਨਹੀਂ ਹੈ ਪਰ ਇਹ ਮਨ ਵਿੱਚ ਸ਼ੰਕਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਰਾਫ਼ੇਲ ਸੌਦਾ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਜੇਤਲੀ ਨੇ ਸਪੱਸ਼ਟ ਕੀਤਾ ਕਿ ਫਰਾਂਸ ਸਰਕਾਰ ਨੇ ਵੀ ਬਿਆਨ ਜਾਰੀ ਕੀਤਾ ਹੈ ਕਿ ਰਿਲਾਇੰਸ ਡਿਫੈਂਸ ਨੂੰ ਦਾਸੋ ਏਵੀਏਸ਼ਨ ਦੀ ਜੋਟੀਦਾਰ ਚੁਣਨ ਦਾ ਫੈਸਲਾ ਕੰਪਨੀ ਨੇ ਕੀਤਾ ਸੀ ਅਤੇ ਇਸ ਵਿੱਚ ਸਰਕਾਰਾਂ ਦੀ ਕੋਈ ਭੂਮਿਕਾ ਨਹੀਂ ਸੀ। ਦਾਸੋ ਨੇ ਇਹ ਵੀ ਆਖਿਆ ਹੈ ਕਿ ਉਸ ਨੇ ਬਹੁਤ ਸਾਰੀਆਂ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ।

ਉੱਧਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਵਿੱਤ ਮੰਤਰੀ ਅਰੁਣ ਜੇਤਲੀ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਤੇ ਹੋਰਨਾਂ ਮੰਤਰੀਆਂ ਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਤੇ ਸੱਚ ਦੇ ਨਿਤਾਰੇ ਲਈ ਰਾਫ਼ੇਲ ਸੌਦੇ ਵਿੱਚ ਹੋਏ ਘੁਟਾਲੇ ਬਾਰੇ ਸਾਂਝੀ ਸੰਸਦੀ ਕਮੇਟੀ ਰਾਹੀਂ ਜਾਂਚ ਕਰਵਾਉਣੀ ਚਾਹੀਦੀ ਹੈ।