ਨਵੀਂ ਦਿੱਲੀ: ਬੀਤੇ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਜਿੱਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਨੁਕਸਾਨ ਦੀਆਂ ਵੀ ਖ਼ਬਰਾਂ ਹਨ। ਹਿਮਾਚਲ 'ਚ ਹਾਲਾਤ ਬੇਹੱਦ ਖਰਾਬ ਹਨ। ਹਿਮਾਚਲ ਦੇ ਕੁੱਲੂ-ਮਨਾਲੀ 'ਚ ਬੱਦਲ ਫਟਣ ਨਾਲ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਬੇਹੱਦ ਉੱਪਰ ਚੜ੍ਹ ਆਇਆ ਹੈ ਜਿਸ ਨਾਲ ਕਈ ਲੋਕ ਹੜ੍ਹਾਂ 'ਚ ਫਸ ਗਏ ਹਨ। ਕੁੱਲੂ ਮਨਾਲੀ ਨੈਸ਼ਨਲ ਹਾਈਵੇਅ ਸਮੇਤ ਕੁੱਲ 126 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸੂਬੇ ਵਿੱਚੋਂ ਗੱਡੀਆਂ ਤੇ ਪੁਲਾਂ ਦੇ ਪਾਣੀ ਵਿੱਚ ਰੁਢਣ ਦੀਆਂ ਭਿਆਨਕ ਤਸਵੀਰਾਂ ਆ ਰਹੀਆਂ ਹਨ, ਪਰ ਪੁਲਿਸ ਤੇ ਪ੍ਰਸ਼ਾਸਨ ਦੀ ਮੁਸਤੈਦੀ ਨਾਲ ਢਾਈ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹਾਲੇ ਤਕ ਮੀਂਹ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ।


ਮੌਸਮ 'ਚ ਖਰਾਬੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹਿਮਾਚਲ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਇੱਥੋਂ ਤੱਕ ਕਿ ਰਿਸ਼ੀਕੇਸ਼, ਹਰਿਦੁਆਰ ਤੇ ਹੋਰ ਪਹਾੜੀ ਇਲਕਿਆਂ 'ਚ ਵੀ ਸਥਿਤੀ ਨਾਜ਼ੁਕ ਹੋਣ ਕਾਰਨ ਲੋਕਾਂ ਨੂੰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।


ਮਨਾਲੀ ਦੇ ਵੋਲਵੋ ਬੱਸ ਅੱਡੇ 'ਤੇ ਖੜ੍ਹੀ ਬੱਸ ਪਲਾਂ-ਛਿਣਾਂ 'ਚ ਦੇਖਦਿਆਂ-ਦੇਖਦਿਆਂ ਪਾਣੀ 'ਚ ਵਹਿ ਗਈ। ਸੜਕਾਂ 'ਤੇ ਪਾਣੀ ਭਰਨ ਨਾਲ ਲੋਕਾਂ ਦਾ ਸੰਪਰਕ ਮੁੱਖ ਮਾਰਗਾਂ ਤੋਂ ਟੁੱਟ ਗਿਆ ਹੈ। ਕੁੱਲੂ-ਮਨਾਲੀ 'ਚ ਸਾਲ 1995 ਤੋਂ ਬਾਅਦ ਪਹਿਲੀ ਵਾਰ ਬਾਰਸ਼ ਦਾ ਏਨਾ ਕਹਿਰ ਬਰਸ ਰਿਹਾ ਹੈ। ਕੁੱਲੂ ਪ੍ਰਸ਼ਾਸਨ ਨੇ ਬਿਆਸ ਨਦੀ ਦੇ ਆਸ-ਪਾਸ ਇਲਾਕਿਆਂ ਤੇ ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਕੁੱਲੂ ਦੇ ਪਤਲੀ ਕੁਹਲ 'ਚ ਐਤਵਾਰ ਰਾਤ ਪਾਣੀ ਭਰ ਗਿਆ। ਪੁਲਿਸ ਤੇ ਪ੍ਰਸ਼ਾਸਨ ਨੇ ਰਾਤ 12 ਵਜੇ ਤਕ 2500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ।



ਮੰਡੀ 'ਚ ਵੀ ਬਾਰਸ਼ ਨਾਲ ਨਦੀਆਂ ਦਾ ਪਾਣੀ ਕਾਬੂ ਤੋਂ ਬਾਹਰ ਹੋ ਚੁੱਕਾ ਹੈ। ਪੰਡੋਹ ਡੈਮ ਦੇ ਪੰਜੇ ਗੇਟ ਖੋਲ੍ਹ ਦਿੱਤੇ ਗਏ ਹਨ। ਰੋਹਤਾਂਗ 'ਚ ਵੀਰਵਾਰ ਤੋਂ ਹੋ ਰਹੀ ਭਾਰੀ ਬਰਫਬਾਰੀ ਕਾਰਨ ਸੈਲਾਨੀ ਰਾਹ 'ਚ ਫਸ ਗਏ ਸਨ। ਉੱਥੇ ਫਸੇ ਕਈ ਲਗਪਗ 20 ਲੋਕਾਂ ਨੂੰ ਬਚਾਇਆ ਗਿਆ। ਬਾਰਸ਼ ਹੋਣ ਕਾਰਨ ਰੋਹਤਾਂਗ ਦਰਾ ਬੰਦ ਹੋਣ ਕਾਰਨ ਇਹ ਲੋਕ ਉੱਥੇ ਫਸ ਗਏ ਸਨ।