ਚੰਡੀਗੜ੍ਹ: ਇਸ ਵਾਰ ਸ਼ਿਮਲਾ ਵਿੱਚ ਆਫ਼ਤ ਬਣ ਕੇ ਬਰਫ਼ ਵਰ੍ਹ ਰਹੀ ਹੈ। ਵੀਰਵਾਰ ਸਵੇਰ ਤੋਂ ਜਾਰੀ ਬਾਰਸ਼ ਮਗਰੋਂ ਦੇਰ ਸ਼ਾਮ ਤਕ ਸ਼ਿਮਲਾ ਵਿੱਚ ਬਰਫ਼ਬਾਰੀ ਹੋਈ ਜੋ ਦੇਰ ਰਾਤ ਤਕ ਚੱਲੀ। ਇਸ ਕਰਕੇ ਸ਼ਿਮਲਾ ਵਿੱਚ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ। ਸੜਕਾਂ ਬੰਦ ਪਈਆਂ ਹਨ ਜਿਸ ਕਰਕੇ ਅੱਜ ਦੁੱਧ ਤੇ ਬ੍ਰੈੱਡ ਦੀ ਸਪਲਾਈ ਨਹੀਂ ਹੋ ਪਾਈ। ਉੱਧਰ ਬਿਜਲੀ ਨਾ ਹੋਣ ਕਰਕੇ ਵੀ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ।
ਜਾਣਕਾਰੀ ਮੁਤਾਬਕ ਰਾਮਪੁਰ, ਕਿਨੌਰ, ਠਿਯੋਗ, ਨਾਰਕੰਡਾ, ਚੌਪਾਲ, ਖੜਾਪੱਧਰ, ਜੁੱਬਲ, ਹਾਟਕੋਟੀ, ਰੋਹੜੂ, ਚਿੜਗਾਵ ਤੇ ਡੋਡਰਾ ਕਵਾਰ ਸਮੇਤ ਉੱਪਰੀ ਸ਼ਿਮਲਾ ਲਈ ਕੱਲ੍ਹ ਰਾਤ ਤੋਂ ਬੱਸਾਂ ਦੀ ਆਵਾਜਾਈ ਬੰਦ ਹੈ। ਸਥਾਨਕ ਨਿਵਾਸੀ ਬਰਫ਼ਬਾਰੀ ਕਰਕੇ ਕਾਫੀ ਪ੍ਰੇਸ਼ਾਨ ਹਨ। ਬਿਜਲੀ ਰਾਤ ਤੋਂ ਗੁੱਲ ਹੈ। ਸੜਕਾਂ ਬੰਦ ਹੋਣ ਕਰਕੇ ਪੈਦਲ ਹੀ ਚੱਲਣਾ ਪੈ ਰਿਹਾ ਹੈ। ਪ੍ਰਸ਼ਾਸਨ ਹਾਲੇ ਤਕ ਬਿਜਲੀ ਤੇ ਪਾਣੀ ਦੀ ਸਪਲਾਈ ਵੀ ਬਹਾਲ ਨਹੀਂ ਕਰ ਪਾਇਆ।
ਸਥਾਨਕ ਬਜ਼ੁਰਗ ਨਿਵਾਸੀ ਨੇ ਦੱਸਿਆ ਕਿ ਸ਼ਿਮਲਾ ਵਿੱਚ 10 ਸਾਲਾਂ ਬਾਅਦ ਫਰਵਰੀ ਵਿੱਚ ਅਜਿਹੀ ਬਰਫ਼ਬਾਰੀ ਹੋਈ ਹੈ। ਮਜ਼ਦੂਰਾਂ ਨੇ ਕਿਹਾ ਕਿ ਅਜਿਹੀ ਬਰਫ਼ਬਾਰੀ ਵਿੱਚ ਕੋਈ ਕੰਮ ਵੀ ਨਹੀਂ ਹੋ ਰਿਹਾ ਜਿਸ ਕਰਕੇ ਉਨ੍ਹਾਂ ਦੀ ਰੋਜ਼ੀ ਰੋਟੀ ’ਤੇ ਅਸਰ ਪੈ ਰਿਹਾ ਹੈ। ਸੜਕਾਂ ਸਾਫ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਲੋਕ ਬਰਫ਼ ਫਿਸਲਣ ਨੂੰ ਸਭ ਤੋਂ ਵੱਡੀ ਸਮੱਸਿਆ ਦੱਸ ਰਹੇ ਹਨ।
ਸੜਕਾਂ ਖੋਲ੍ਹਣ ਲਈ ਛੇ ਸਨੋ ਕਟਰ ਲਾਏ ਗਏ ਹਨ। 200 ਦੇ ਕਰੀਬ ਲੇਬਰ ਲਾਏ ਗਏ ਹਨ। ਸ਼ਾਮ ਤਕ ਸੜਕਾਂ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ। ਉੱਧਰ ਸੈਲਾਨੀ ਇਸ ਬਰਫ਼ਬਾਰੀ ਦਾ ਕਾਫੀ ਆਨੰਦ ਮਾਣ ਰਹੇ ਹਨ। ਬਾਹਰੀ ਸੂਬਿਆਂ ਤੋਂ ਆਏ ਸੈਲਾਨੀਆਂ ਨੇ ਕਿਹਾ ਕਿ ਸ਼ਿਮਲਾ ਵਿੱਚ ਵਿੱਛੀ ਵਰਫ਼ ਦੀ ਸਫ਼ੈਦ ਚਾਦਰ ਉਨ੍ਹਾਂ ਦੀਆਂ ਉਮੀਦਾਂ ਨੂੰ ਚਾਰ ਚੰਨ ਲਾ ਰਹੀ ਹੈ।