ਚੰਡੀਗੜ੍ਹ: ਕਰਤਾਰਪੁਰ ਲਾਂਘੇ ਦੇ ਨਿਰਮਾਣ ਸਬੰਧੀ ਦੋਵਾਂ ਪਾਸਿਆਂ ਤੋਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਭਾਰਤ ਨੇ ਲਾਂਘੇ ਦੇ ਨਿਰਮਾਣ ਸਬੰਧੀ ਡ੍ਰਾਫਟ ਨੂੰ ਮੁਕੰਮਲ ਕਰਨ ਲਈ ਗੱਲਬਾਤ ਦੀਆਂ ਤਾਰੀਖ਼ਾਂ ਐਲਾਨ ਦਿੱਤੀਆਂ ਹਨ। ਇਸ ਪਿੱਛੋਂ ਬੀਤੇ ਦਿਨ ਪਾਕਿਸਤਾਨ ਨੇ ਕਿਹਾ ਕਿ ਭਾਰਤ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦਾ ਵਫਦ 13 ਮਾਰਚ ਨੂੰ ਭਾਰਤ ਆਏਗਾ। ਇੱਧਰੋਂ ਭਾਰਤੀ ਵਫ਼ਦ ਵੀ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ 28 ਮਾਰਚ ਨੂੰ ਪਾਕਿਸਤਾਨ ਜਾਏਗਾ।


ਵਿਦੇਸ਼ ਮਾਮਲਿਆਂ ਬਾਰੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੀ ਟੀਮ ਦਾ ਭਾਰਤ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਜਾਏਗਾ। ਭਾਰਤ ਨੇ ਦੋਵੇਂ ਪਾਸਿਆਂ ਦੇ ਇੰਜਨੀਅਰਾਂ ਵਿਚਕਾਰ ਤਕਨੀਕੀ ਪੱਧਰ ਦੀ ਗੱਲਬਾਤ ਦੀ ਤਜਵੀਜ਼ ਭੇਜੀ ਹੈ। ਉਨ੍ਹਾਂ ਉਮੀਦ ਜਤਾਈ ਕਿ ਪਾਕਿਸਤਾਨ ਸਹੀ ਦਿਸ਼ਾ ਵਿੱਚ ਹਾਮੀ ਭਰੇਗਾ।

ਇਸ ਦੇ ਨਾਲ ਹੀ ਬੀਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਕੈਬਨਿਟ ਮੀਟਿੰਗ ਹੋਈ। ਇਸ ਦੌਰਾਨ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਦੇ ਵਿਕਾਸ ਦਾ ਕੰਮ ਦੇਖਣ ਲਈ ਵਿਸ਼ੇਸ਼ ਕਮੇਟੀ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ। ਕਮੇਟੀ ਦੀ ਅਗਵਾਈ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਕਰਨਗੇ। ਇਹ ਕਮੇਟੀ ਨਾਰੋਵਾਲ ਜ਼ਿਲ੍ਹੇ ’ਚ ਕਰਤਾਰਪੁਰ ਸਾਹਿਬ ਨੇੜਲੇ ਇਲਾਕੇ ਨੂੰ ਵਿਕਸਤ ਕਰਨ ਅਤੇ ਹੋਟਲ, ਦੁਕਾਨਾਂ ਤੇ ਹੋਰ ਸਹੂਲਤਾਂ ਦੇ ਕੰਮ ਦੀ ਨਿਗਰਾਨੀ ਕਰੇਗੀ।