Helicopter Crash : ਹਲੇ ਲੋਕ ਅਹਿਮਦਾਬਾਦ ਪਲੇਨ ਕਰੈਸ਼ ਦੇ ਝਟਕੇ ਤੋਂ ਉਭਰੇ ਵੀ ਨਹੀਂ ਸਨ ਕਿ ਅੱਜ ਫਿਰ ਦੇਸ਼ ਨੂੰ ਇੱਕ ਹੋਰ ਵੱਡੇ ਹਵਾਈ ਹਾਦਸੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਕੇਦਾਰਨਾਥ ਨੇੜੇ ਗੌਰੀਕੁੰਡ 'ਚ ਐਤਵਾਰ ਸਵੇਰੇ ਲਗਭਗ 5:20 ਵਜੇ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਸਮੇਤ ਸਾਰੇ 7 ਯਾਤਰੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਇੱਕ 2 ਸਾਲ ਦਾ ਬੱਚਾ ਵੀ ਸ਼ਾਮਲ ਹੈ।
ਹੈਲੀਕਾਪਟਰ ਸ਼ਰਧਾਲੂਆਂ ਨੂੰ ਕੇਦਾਰਨਾਥ ਮੰਦਰ ਤੋਂ ਗੌਰੀਕੁੰਡ ਲੈ ਕੇ ਜਾ ਰਿਹਾ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਹਾਦਸੇ ਦੀ ਵਜ੍ਹਾ ਮਾੜਾ ਮੌਸਮ ਦੱਸੀ ਜਾ ਰਹੀ ਹੈ। ਇਹ ਹੈਲੀਕਾਪਟਰ ਆਰੀਅਨ ਏਵਿਏਸ਼ਨ ਕੰਪਨੀ ਦਾ ਸੀ।
ਉੱਤਰਾਖੰਡ ਸਿਵਿਲ ਏਵਿਏਸ਼ਨ ਡਿਵੈਲਪਮੈਂਟ ਅਥਾਰਟੀ (UCADA) ਮੁਤਾਬਕ ਹੈਲੀਕਾਪਟਰ 'ਚ ਯੂ.ਪੀ. ਤੇ ਮਹਾਰਾਸ਼ਟਰ ਦੇ 2-2 ਅਤੇ ਉੱਤਰਾਖੰਡ, ਰਾਜਸਥਾਨ ਤੇ ਗੁਜਰਾਤ ਦੇ 1-1 ਯਾਤਰੀ ਸਵਾਰ ਸਨ। ਗੌਰੀਕੁੰਡ ਤੋਂ NDRF ਤੇ SDRF ਦੀ ਰੈਸਕਿਊ ਟੀਮ ਹਾਦਸੇ ਵਾਲੀ ਥਾਂ ਭੇਜੀ ਗਈ ਹੈ।
ਚਾਰ ਧਾਮ ਯਾਤਰਾ ਲਈ ਚੱਲ ਰਹੀ ਹੈਲੀਕਾਪਟਰ ਸੇਵਾ 'ਤੇ ਰੋਕ ਲਾ ਦਿੱਤੀ ਗਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਹੁਣ ਹੇਲੀਕਾਪਟਰ ਸੇਵਾ ਦੇ ਸੰਚਾਲਨ ਨੂੰ ਲੈ ਕੇ ਸਖਤ ਨਿਯਮ ਬਣਾਏ ਜਾਣਗੇ। ਇਸ 'ਚ ਹੈਲੀਕਾਪਟਰ ਦੀ ਤਕਨੀਕੀ ਜਾਂਚ ਅਤੇ ਉਡਾਣ ਤੋਂ ਪਹਿਲਾਂ ਮੌਸਮ ਦੀ ਸਟੀਕ ਜਾਣਕਾਰੀ ਲੈਣੀ ਲਾਜ਼ਮੀ ਹੋਏਗੀ।
ਮੁੱਖ ਮੰਤਰੀ ਧਾਮੀ ਨੇ ਕਿਹਾ: ਰਾਹਤ ਤੇ ਬਚਾਅ ਦਾ ਕੰਮ ਜਾਰੀ
ਹਾਦਸੇ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ, "ਰੁਦ੍ਰਪ੍ਰਯਾਗ 'ਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਐਸ.ਡੀ.ਆਰ.ਐਫ., ਸਥਾਨਕ ਪ੍ਰਸ਼ਾਸਨ ਅਤੇ ਹੋਰ ਰਾਹਤ ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਮੈਂ ਸਾਰਿਆਂ ਯਾਤਰੀਆਂ ਦੀ ਸਲਾਮਤੀ ਲਈ ਅਰਦਾਸ ਕਰਦਾ ਹਾਂ।"
ਉੱਤਰਾਖੰਡ ਦੇ ਰੁਦ੍ਰਪ੍ਰਯਾਗ 'ਚ 7 ਜੂਨ ਨੂੰ ਤਕਨੀਕੀ ਖ਼ਰਾਬੀ ਕਾਰਨ ਸੜਕ 'ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਦੌਰਾਨ ਹੈਲੀਕਾਪਟਰ ਦਾ ਪਿੱਛਲਾ ਹਿੱਸਾ ਇਕ ਕਾਰ 'ਤੇ ਡਿੱਗਣ ਨਾਲ ਟੁੱਟ ਗਿਆ। ਕਾਰ ਵੀ ਪੂਰੀ ਤਰ੍ਹਾਂ ਨੁਕਸਾਨਗ੍ਰਸਤ ਹੋ ਗਈ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।