ਨਵੀਂ ਦਿੱਲੀ: ਵ੍ਹਟਸਐਪ ਦੀ ‘ਪ੍ਰਾਈਵੇਸੀ ਪਾਲਿਸੀ’ (ਨਿੱਜਤਾ ਨੀਤੀ) ਨੂੰ ਲੈ ਕੇ ਦਿੱਲੀ ਹਾਈ ਕੋਰਟ ’ਚ ਅੱਜ ਸੁਣਵਾਈ ਹੋਈ। ਪਟੀਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਵ੍ਹਟਸਐਪ ਦੀ ਨਵੀਂ ਨੀਤੀ ਨਾਲ ਨਿੱਜਤਾ ਭੰਗ ਹੁੰਦੀ ਹੈ; ਇਸ ਲਈ ਸਰਕਾਰ ਇਸ ਉੱਤੇ ਛੇਤੀ ਤੋਂ ਛੇਤੀ ਕੋਈ ਕਾਰਵਾਈ ਕਰੇ। ਪਟੀਸ਼ਨਰ ਦੀ ਮੰਗ ਸੁਣਨ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਪ੍ਰਾਈਵੇਟ ਐਪ ਹੈ, ਜੇ ਤੁਹਾਡੀ ਨਿੱਜਤਾ ਪ੍ਰਭਾਵਿਤ ਹੋ ਰਹੀ ਹੈ, ਤਾਂ ਤੁਸੀਂ ਵ੍ਹਟਸਐਪ ਡਿਲੀਟ ਕਰ ਦੇਵੋ।
ਹਾਈਕੋਰਟ ਨੇ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਨਾ ਜਾਰੀ ਕਰਦਿਆਂ ਕਿਹਾ ਕਿ ਇਸ ਉੱਤੇ ਵਿਸਤ੍ਰਿਤ ਸੁਣਵਾਈ ਕਰਨ ਦੀ ਜ਼ਰੂਰਤ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 25 ਜਨਵਰੀ ਨੂੰ ਹੋਵੇਗੀ। ਦੱਸ ਦੇਈਏ ਕਿ ਪਟੀਸ਼ਨਰਾਂ ਨੇ ਅਦਾਲਤ ਤੋਂ ਵ੍ਹਟਸਐਪ ਦੀ ਨਵੀਂ ਨਿੱਜਤਾ ਨੀਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਟੀਸ਼ਨਰ ਨੇ ਕਿਹਾ ਕਿ ਪ੍ਰਾਈਵੇਸੀ ਪਾਲਿਸੀ ਰਾਹੀਂ ਪ੍ਰਾਈਵੇਟ ਐਪ ਆਮ ਲੋਕਾਂ ਨਾਲ ਜੁੜੀ ਵਿਅਕਤੀਗਤ ਜਾਣਕਾਰੀ ਸਾਂਝੀ ਕਰਨੀ ਚਾਹੁੰਦੀ ਹੈ; ਜਿਸ ਉੱਤੇ ਤੁਰੰਤ ਰੋਕ ਲਾਉਣ ਦੀ ਜ਼ਰੂਰਤ ਹੈ। ਅਦਾਲਤ ਨੇ ਕਿਹਾ ਕਿ ਜੇ ਕਿਸੇ ਦੀ ਨਿੱਜਤਾ ਭੰਗ ਹੋ ਰਹੀ ਹੈ, ਤਾਂ ਤੁਸੀਂ ਵ੍ਹਟਸਐਪ ਡਿਲੀਟ ਕਰ ਸਕਦੇ । ਕੀ ਤੁਸੀਂ ਮੈਪ ਜਾਂ ਬ੍ਰਾਊਜ਼ਰ ਵਰਤਦੇ ਹੋ? ਉਸ ਵਿੱਚ ਵੀ ਤੁਹਾਡਾ ਡਾਟਾ ਸ਼ੇਅਰ ਕੀਤਾ ਜਾਂਦਾ ਹੈ।