ਨਵੀਂ ਦਿੱਲੀ: ਵੀਰਵਾਰ ਨੂੰ ਕੇਂਦਰ ਸਰਕਾਰ ਨੇ ਸੰਸਦ ਨੂੰ ਸਾਫ਼ ਕੀਤਾ ਹੈ ਕਿ ਪਹਿਲੀ ਅਪਰੈਲ 2019 ਤੋਂ ਹਰ ਤਰ੍ਹਾਂ ਦੇ ਵਾਹਨਾਂ 'ਤੇ ਉੱਚ ਸੁਰੱਖਿਅਤ ਰਜਿਸਟ੍ਰੇਸ਼ਨ ਪਲੇਟਾਂ (HSRPs) ਲਾਈਆਂ ਜਾਣੀਆਂ ਲਾਜ਼ਮੀ ਹੋਣਗੀਆਂ। ਸਰਕਾਰ ਦਾ ਇਹ ਜਵਾਬ ਨਵੇਂ ਵਾਹਨਾਂ ਦੇ ਸੰਦਰਭ ਵਿੱਚ ਹੈ। ਵੀਰਵਾਰ ਨੂੰ ਲੋਕ ਸਭਾ ਵਿੱਚ ਆਪਣੇ ਲਿਖਤੀ ਜਵਾਬ ਵਿੱਚ ਕੇਂਦਰੀ ਟ੍ਰਾਂਸਪੋਰਟੇਸ਼ਨ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਆਉਂਦੀ ਪਹਿਲੀ ਅਪਰੈਲ ਤੋਂ ਵਾਹਨ ਨਿਰਮਾਤਾ ਗੱਡੀਆਂ ਦੇ ਨਾਲ ਹੀ ਐਚਐਸਆਰਪੀਜ਼ ਨੂੰ ਡੀਲਰਾਂ ਤਕ ਭੇਜਣੀਆਂ ਸ਼ੁਰੂ ਕਰ ਦੇਣਗੇ। ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਵਾਹਨ ਨਿਰਮਾਤਾ ਹੁਣ ਮੋਟਰ-ਗੱਡੀਆਂ ਦੇ ਨਾਲ ਹੀ ਅਜਿਹੇ ਨਾ ਹਟਾਉਣਯੋਗ, ਮੁੜ ਵਰਤੋਂ ਵਿੱਚ ਨਾ ਆ ਸਕਣ ਵਾਲੇ ਜਿੰਦਰਾ ਪ੍ਰਣਾਲੀ ਵਾਲੇ ਸਾਂਚੇ ਦੇਣਗੇ, ਜਿਸ ਵਿੱਚ ਨੰਬਰ ਪਲੇਟ ਲੱਗੇਗੀ। ਇਸ ਤੋਂ ਬਾਅਦ ਸੂਬਾ ਸਰਕਾਰਾਂ ਵੱਲੋਂ ਅਧਿਕਾਰਤ ਏਜੰਸੀਆਂ ਤੋਂ ਇਹ ਉੱਚ ਸੁਰੱਖਿਆ ਨੰਬਰ ਪਲੇਟਾਂ ਇਸ ਵਿੱਚ ਲਵਾਈਆਂ ਜਾ ਸਕਣਗੀਆਂ। ਇੱਕ ਵਾਰ ਕੱਸਣ ਤੋਂ ਬਾਅਦ ਇਹ ਨਵੇਂ ਸਾਂਚੇ ਮੁੜ ਖੁੱਲ੍ਹ ਨਹੀਂ ਸਕਣਗੇ। ਮੰਤਰੀ ਨੇ ਇਹ ਵੀ ਦੱਸਿਆ ਕਿ ਜੇਕਰ ਵਾਹਨ ਨਿਰਮਾਤਾ ਕੰਪਨੀਆਂ ਆਪਣੇ ਮੌਜੂਦਾ ਵਾਹਨਾਂ ਲਈ ਵੀ ਅਜਿਹੀ ਸੁਵਿਧਾ ਦੇਣੀਆਂ ਚਾਹੁੰਣ ਤਾਂ ਦੇ ਸਕਦੀਆਂ ਹਨ। ਦਰਅਸਲ, ਪਹਿਲਾਂ ਇਹ ਸੁਰੱਖਿਅਤ ਨੰਬਰ ਪਲੇਟਾਂ ਲਵਾਉਣ ਸਮੇਂ ਗੱਡੀ ਦੀ ਬਾਡੀ ਵਿੱਚ ਸੁਰਾਖ ਕੀਤਾ ਜਾਂਦਾ ਸੀ ਤੇ ਫਿਰ ਰਿਵਟ ਨਾਲ ਪਲੇਟ ਨੂੰ ਫਿੱਟ ਕੀਤਾ ਜਾਂਦਾ ਸੀ। ਇਸ ਦਾ ਵਾਹਨਾਂ ਨੂੰ ਨੁਕਸਾਨ ਹੁੰਦਾ ਸੀ। ਪਰ ਨਵਾਂ ਲੌਕੇਬਲ ਸਿਸਟਮ ਗੱਡੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਏਗਾ, ਜਿਸ ਇਸ ਵਿੱਚ ਐਚਐਸਆਰਪੀ ਫਿੱਟ ਹੋਵੇਗੀ। ਇਨ੍ਹਾਂ ਪਲੇਟਾਂ ਦੀ ਬਣਤਰ ਤੇ ਆਕਾਰ ਪੂਰੇ ਦੇਸ਼ ਵਿੱਚ ਇੱਕ ਹੋਵੇਗਾ ਤੇ ਕ੍ਰੋਮੀਅਮ ਤੋਂ ਤਿਆਰ ਹੋਲੋਗ੍ਰਾਮ ਵਾਹਨਾਂ ਦੇ ਸ਼ੀਸ਼ਿਆਂ 'ਤੇ ਲੱਗੇਗਾ।