Himachal News: ਹਿਮਾਚਲ ਪ੍ਰਦੇਸ਼ ਵਿੱਚ ਹਵਾਈ ਸੇਵਾ ਦਾ ਵਿਸਤਾਰ ਕਰਦਿਆਂ ਕੁੱਲੂ ਅਤੇ ਸ਼ਿਮਲਾ ਤੋਂ ਅੰਮ੍ਰਿਤਸਰ ਨੂੰ ਜੋੜਨ ਵਾਲੇ ਦੋ ਨਵੇਂ ਹਵਾਈ ਮਾਰਗ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ 'ਤੇ 1 ਅਕਤੂਬਰ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਵਾਰ ਚੱਲਣਗੀਆਂ। ਇਹ ਉਡਾਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ 'ਤੇ ਚੱਲਣਗੀਆਂ। 1 ਨਵੰਬਰ ਤੋਂ ਸ਼ਿਮਲਾ-ਅੰਮ੍ਰਿਤਸਰ-ਸ਼ਿਮਲਾ ਹਵਾਈ ਮਾਰਗ 'ਤੇ ਹਫ਼ਤੇ ਵਿੱਚ ਤਿੰਨ ਵਾਰ ਹਵਾਈ ਸੇਵਾਵਾਂ ਚਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ: Asian Games 2023: ਸਿਫ਼ਤ ਕੌਰ ਨੇ ਸਿਰਜਿਆ ਇਤਿਹਾਸ, ਭਾਰਤ ਨੂੰ ਦਵਾਇਆ 5ਵਾਂ ਗੋਲਡ ਮੈਡਲ
ਇਹ ਹੈ ਉਡਾਣ ਦਾ ਸਮਾਂ
ਅਲਾਇੰਸ ਏਅਰ ਨੇ ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ ਲਈ ਟਿਕਟ ਬੁਕਿੰਗ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਯਾਤਰੀਆਂ ਨੂੰ ਆਰਾਮਦਾਇਕ ਹਵਾਈ ਸਫਰ ਦੀ ਸਹੂਲਤ ਮਿਲੇਗੀ। ਕੁੱਲੂ-ਅੰਮ੍ਰਿਤਸਰ ਹਵਾਈ ਮਾਰਗ 'ਤੇ ਕੁੱਲੂ ਤੋਂ ਸਵੇਰੇ 8.25 ਵਜੇ ਜਹਾਜ਼ ਉਡਾਣ ਭਰੇਗਾ, ਜੋ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗਾ। ਅੰਮ੍ਰਿਤਸਰ ਤੋਂ ਵਾਪਸੀ ਲਈ ਜਹਾਜ਼ ਸਵੇਰੇ 10 ਵਜੇ ਉਡਾਣ ਭਰੇਗਾ, ਜੋ ਕਿ 11.05 ਵਜੇ ਕੁੱਲੂ ਪਹੁੰਚੇਗਾ।
ਇਸ ਰੂਟ 'ਤੇ 50 ਫੀਸਦੀ ਸੀਟਾਂ 'ਤੇ ਸਬਸਿਡੀ ਮਿਲੇਗੀ। ਇਸ ਤਹਿਤ ਕੁੱਲੂ ਤੋਂ ਅੰਮ੍ਰਿਤਸਰ ਸੈਕਟਰ ਲਈ ਹਵਾਈ ਕਿਰਾਇਆ 2 ਹਜ਼ਾਰ 637 ਰੁਪਏ ਅਤੇ ਅੰਮ੍ਰਿਤਸਰ ਤੋਂ ਕੁੱਲੂ ਸੈਕਟਰ ਲਈ 3 ਹਜ਼ਾਰ 284 ਰੁਪਏ ਹੋਵੇਗਾ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੈਰ ਸਪਾਟਾ ਖੇਤਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਸੂਬੇ ਦੇ ਮਾਲੀਏ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਹੈ। ਸਰਕਾਰ ਸੈਲਾਨੀਆਂ ਨੂੰ ਸੂਬੇ ਦੀ ਕੁਦਰਤੀ ਸੁੰਦਰਤਾ ਅਤੇ ਇਸ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਲਈ ਟਰਾਂਸਪੋਰਟ ਸੇਵਾਵਾਂ ਨੂੰ ਮਜ਼ਬੂਤ ਕਰ ਰਹੀ ਹੈ।
ਰਾਜ ਸਰਕਾਰ ਸੂਬੇ ਵਿੱਚ ਸੈਰ ਸਪਾਟੇ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹਵਾਈ ਸੇਵਾ ਦੇ ਵਿਸਤਾਰ ਅਤੇ ਹੈਲੀਪੋਰਟ ਸਥਾਪਤ ਕਰਨ 'ਤੇ ਵੀ ਧਿਆਨ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਤੱਕ ਹਵਾਈ ਸੇਵਾ ਦਾ ਵਿਸਤਾਰ ਕਰ ਰਹੀ ਹੈ। ਸ਼ਿਮਲਾ ਦੇ ਜੁਬੱੜਹੱਟੀ, ਕੁੱਲੂ ਦੇ ਭੁੰਤਰ ਅਤੇ ਕਾਂਗੜਾ ਦੇ ਗੱਗਲ ਹਵਾਈ ਅੱਡਿਆਂ 'ਤੇ ਬਿਹਤਰ ਸਹੂਲਤਾਂ ਤੋਂ ਇਲਾਵਾ, ਵੱਡੇ ਜਹਾਜ਼ਾਂ ਦੀ ਲੈਂਡਿੰਗ ਦੀ ਸਹੂਲਤ ਲਈ ਕਾਂਗੜਾ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੇ ਹਵਾਈ ਸੇਵਾ ਨੈੱਟਵਰਕ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Manipur violence: 2 ਵਿਦਿਆਰਥੀਆਂ ਦੀਆਂ ਲਾਸ਼ਾਂ ਦੀ ਤਸਵੀਰ ਵਾਇਰਲ ਹੋਣ ‘ਤੇ ਮਣੀਪੁਰ 'ਚ ਵਧਿਆ ਤਣਾਅ, ਜਾਂਚ ਲਈ ਪਹੁੰਚੀ CBI