Manipur Clash: ਮਣੀਪੁਰ ਵਿੱਚ ਦੋ ਵਿਦਿਆਰਥੀਆਂ ਦੇ ਅਗਵਾ ਅਤੇ ਕਤਲ ਦੀ ਜਾਂਚ ਲਈ ਸੀਬੀਆਈ ਦੀ ਟੀਮ ਬੁੱਧਵਾਰ (27 ਸਤੰਬਰ) ਨੂੰ ਵਿਸ਼ੇਸ਼ ਉਡਾਣ ਰਾਹੀਂ ਇੰਫਾਲ ਪਹੁੰਚੀ। ਇਸ ਟੀਮ ਦੀ ਅਗਵਾਈ ਏਜੰਸੀ ਦੇ ਵਿਸ਼ੇਸ਼ ਨਿਰਦੇਸ਼ਕ ਅਜੇ ਭਟਨਾਗਰ ਕਰ ਰਹੇ ਹਨ।


ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਣੀਪੁਰ ਦੇ ਇੰਫਾਲ ਵਿੱਚ ਮੁੱਖ ਮੰਤਰੀ ਸਕੱਤਰੇਤ ਤੋਂ ਲਗਭਗ 200 ਮੀਟਰ ਦੂਰ ਮੋਇਰੰਗਖੋਮ ਵਿੱਚ ਪਥਰਾਅ ਕਰ ਰਹੀ ਭੀੜ ਨੂੰ ਹਟਾਉਣ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਘਟਨਾ 'ਚ ਕਈ ਵਿਦਿਆਰਥੀ ਜ਼ਖਮੀ ਹੋ ਗਏ।


ਇਹ ਵਿਦਿਆਰਥੀ ਜੁਲਾਈ ਵਿਚ ਲਾਪਤਾ ਹੋਏ ਦੋ ਨੌਜਵਾਨਾਂ ਦੇ ਅਗਵਾ ਅਤੇ ਕਤਲ ਦੇ ਵਿਰੋਧ ਵਿਚ ਆਯੋਜਿਤ ਰੈਲੀ ਵਿਚ ਹਿੱਸਾ ਲੈ ਰਹੇ ਸਨ। ਲਾਪਤਾ ਨੌਜਵਾਨਾਂ ਦੀਆਂ ਤਸਵੀਰਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ‘ਵੀ ਵਾਂਟ ਜਸਟਿਸ’ ਦੇ ਨਾਅਰੇ ਲਾਉਂਦੇ ਹੋਏ ਮੁੱਖ ਮੰਤਰੀ ਬੀਰੇਨ ਐਨ ਸਿੰਘ ਦੇ ਬੰਗਲੇ ਵੱਲ ਵੱਧ ਰਹੇ ਸਨ।


ਇਹ ਵੀ ਪੜ੍ਹੋ: Sri muktsar sahib news: ਨਸ਼ਾ ਵੇਚਣ ਵਾਲਿਆਂ ਦੀ ਖੈਰ ਨਹੀਂ! ਪੁਲਿਸ ਨੇ ਨਸ਼ਾ ਤਸਕਰ ਦਾ ਘਰ ਕੀਤਾ ਸੀਲ, ਕੀਤੀ ਕਾਰਵਾਈ


ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ


ਉੱਥੇ ਹੀ ਰੈਲੀ ਦੀ ਅਗਵਾਈ ਕਰ ਰਹੇ ਵਿਦਿਆਰਥੀ ਆਗੂ ਲਾਨਥੇਂਗਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਨੌਜਵਾਨਾਂ ਦਾ ਕਤਲ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੋ ਨੌਜਵਾਨਾਂ ਦੇ ਕਾਤਲਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਸਕਾਰ ਲਈ ਬਰਾਮਦ ਕੀਤਾ ਜਾਵੇ।


ਵਿਦਿਆਰਥੀ ਆਗੂ ਨੇ ਕਿਹਾ, "ਅਸੀਂ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਹਾਂ। ਸਾਡੇ ਦੋਸਤਾਂ ਅਤੇ ਸਾਥੀਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਅਸੀਂ ਆਪਣੀ ਪੜ੍ਹਾਈ ਕਿਵੇਂ ਜਾਰੀ ਰੱਖ ਸਕਦੇ ਹਾਂ।"


ਵਿਦਿਆਰਥੀਆਂ ਨੇ ਕੀਤਾ ਪਥਰਾਅ


ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਵਿਦਿਆਰਥੀਆਂ ਦੇ ਗੁੱਸੇ ਨੂੰ ਕਾਬੂ ਕਰਨ ਲਈ ਘੋਸ਼ਣਾ ਕੀਤੀ ਕਿ ਉਹ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਮੁੱਖ ਮੰਤਰੀ ਅਤੇ ਰਾਜਪਾਲ ਦੋਵਾਂ ਨੂੰ ਮਿਲਣ ਦੇਣ ਲਈ ਪ੍ਰਬੰਧ ਕਰ ਰਹੀ ਹੈ। ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਸਥਿਤੀ ਅਚਾਨਕ ਵਿਗੜ ਗਈ।


ਆਰਏਐਫ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ


ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਹਰਕਤ ਵਿੱਚ ਆਏ ਅਤੇ ਭੀੜ ਨੂੰ ਹਟਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਛੱਡੇ। ਇਸ ਤੋਂ ਪਹਿਲਾਂ ਮੰਗਲਵਾਰ (26 ਸਤੰਬਰ) ਨੂੰ ਆਰਏਐਫ ਦੇ ਜਵਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋਈ ਸੀ। ਇਸ 'ਚ 45 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ ਵੱਡੀ ਗਿਣਤੀ ਵਿਦਿਆਰਥੀ ਹਨ।


ਇਹ ਵੀ ਪੜ੍ਹੋ: Gurdaspur News: ਇੱਕ ਪਾਸੇ NIA ਮਾਰ ਰਹੀ ਸੀ ਛਾਪੇ, ਦੂਜੇ ਪਾਸੇ ਸ਼ਰਾਰਤੀ BJP ਲੀਡਰ ਦੇ ਘਰ ਲਿਖ ਗਏ 'ਖਾਲਿਸਤਾਨ' ਦੇ ਨਾਅਰੇ