Himachal Government Crisis: ਹਿਮਾਚਲ ਪ੍ਰਦੇਸ਼ ਵਿੱਚ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਰਾਜ ਸਭਾ ਚੋਣਾਂ ਦੌਰਾਨ ਨੌਂ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖ਼ਤਰੇ ਵਿੱਚ ਹੈ। ਰਾਜ ਸਭਾ ਚੋਣਾਂ ਦੌਰਾਨ ਛੇ ਕਾਂਗਰਸ ਤੇ 3 ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ ਹੈ।


ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੀ ਅਗਵਾਈ 'ਚ ਭਾਜਪਾ ਵਿਧਾਇਕਾਂ ਨੇ ਬੁੱਧਵਾਰ ਨੂੰ ਰਾਜ ਭਵਨ 'ਚ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਮੰਗ ਪੱਤਰ ਵੀ ਸੌਂਪਿਆ। ਭਾਜਪਾ ਵਿਧਾਇਕਾਂ ਨੇ ਸਦਨ 'ਚ ਫਲੋਰ ਟੈਸਟ, ਕੱਟ ਮੋਸ਼ਨ ਤੇ ਵਿੱਤੀ ਬਿੱਲ ਉਪਰ ਵੋਟ ਡਿਵੀਜ਼ ਦੀ ਮੰਗ ਕੀਤੀ।




ਵਿਰੋਧੀ ਧਿਰ ਦੀ ਮੰਗ 'ਤੇ ਜੇਕਰ ਰਾਜਪਾਲ ਨੇ ਬਹੁਮਤ ਸਾਬਤ ਕਰਨ ਲਈ ਕਿਹਾ ਤਾਂ ਸੁੱਖੂ ਸਰਕਾਰ ਫਸ ਸਕਦੀ ਹੈ, ਕਿਉਂਕਿ ਕਾਂਗਰਸ ਕੋਲ ਹੁਣ ਬਹੁਮਤ ਨਹੀਂ ਰਿਹਾ। ਰਾਜ ਸਭਾ ਮੈਂਬਰਾਂ ਦੀ ਵੋਟਿੰਗ ਮੁਤਾਬਕ ਕਾਂਗਰਸ ਕੋਲ 34 ਵੋਟਾਂ ਹਨ। ਇਨ੍ਹਾਂ ਵਿੱਚ ਵੀ ਸਪੀਕਰ ਤੇ ਡਿਪਟੀ ਸਪੀਕਰ ਵੋਟ ਨਹੀਂ ਪਾ ਸਕਦੇ। ਇਸ ਲਿਹਾਜ਼ ਨਾਲ ਕਾਂਗਰਸ ਕੋਲ ਸਿਰਫ 32 ਵੋਟਾਂ ਬਚੀਆਂ ਹਨ।


ਇਸ ਲਿਹਾਜ਼ ਨਾਲ ਭਾਜਪਾ ਕੋਲ ਹੁਣ ਗਿਣਤੀ ਪੱਖੋਂ ਵਧੇਰੇ ਤਾਕਤ ਜਾਪਦੀ ਹੈ। ਉਂਝ ਕਾਂਗਰਸ ਲਈ ਰਾਹਤ ਦੀ ਗੱਲ ਇਹ ਹੈ ਕਿ ਦਲ-ਬਦਲ ਵਿਰੋਧੀ ਕਾਨੂੰਨ ਪਾਰਟੀ ਦੇ ਵਿਧਾਇਕਾਂ ਨੂੰ ਸਰਕਾਰ ਵਿਰੁੱਧ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੰਦਾ। ਦੂਜੇ ਪਾਸੇ ਹਿਮਾਚਲ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਵੀ ਸਰਗਰਮ ਹੋ ਗਈ ਹੈ। ਹਰਿਆਣਾ ਦੇ ਸਾਬਕਾ ਸੀਐਮ ਭੂਪੇਂਦਰ ਹੁੱਡਾ ਤੇ ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੂੰ ਸੰਕਟ ਦੇ ਹੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵੇਂ ਨੇਤਾ ਅੱਜ ਸ਼ਿਮਲਾ ਪਹੁੰਚ ਸਕਦੇ ਹਨ। 



ਦਰਅਸਲ ਬਾਗੀ ਵਿਧਾਇਕ ਚਾਹੁੰਦੇ ਹਨ ਕਿ ਮੁੱਖ ਮੰਤਰੀ ਬਦਲਿਆ ਜਾਵੇ। ਇਸ ਲਈ ਹਾਈਕਮਾਨ ਮੁੱਖ ਮੰਤਰੀ ਬਦਲ ਕੇ ਜਾਂ ਕੋਈ ਹੋਰ ਹੱਲ ਲੱਭ ਕੇ ਸਰਕਾਰ ਬਚਾ ਸਕਦੀ ਹੈ। ਇਸ ਦੌਰਾਨ ਹਿਮਾਚਲ ਦੇ ਡੀਜੀਪੀ ਨੇ ਸ਼ਿਮਲਾ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਬਾਕੀ ਜ਼ਿਲ੍ਹਿਆਂ ਤੋਂ ਰਿਜ਼ਰਵ ਬਟਾਲੀਅਨਾਂ ਨੂੰ ਬੁਲਾਇਆ ਗਿਆ ਹੈ। ਹਿਮਚਾਲ ਦਾ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ।