ਧਰਮਸ਼ਾਲਾ: ਹਿਮਾਚਲ ਵਿਧਾਨ ਸਭਾ ਭਵਨ ਬਾਹਰ ਖਾਲਿਸਤਾਨੀ ਝੰਡੇ ਲਾਉਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਖਾਲਿਸਤਾਨੀ ਝੰਡੇ ਲਾਉਣ ਦੇ ਦੋਸ਼ ਵਿੱਚ ਮੁਲਜ਼ਮ ਹਰਬੀਰ ਸਿੰਘ ਤੇ ਪਰਮਜੀਤ ਸਿੰਘ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਕਈ ਅਪਰਾਧ ਕਬੂਲ ਕੀਤੇ ਹਨ। ਉਨ੍ਹਾਂ ਨੇ ਮੰਨਿਆ ਹੈ ਕਿ ਧਰਮਸ਼ਾਲਾ ਦੇ ਤਪੋਵਨ ਹੀ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਇਹ ਦੋਵੇਂ ਕਈ ਥਾਵਾਂ 'ਤੇ ਖਾਲਿਸਤਾਨੀ ਝੰਡੇ ਲਗਾ ਚੁੱਕੇ ਹਨ। ਇਨ੍ਹਾਂ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਤਿੰਨੋਂ ਰਾਜਾਂ ਵਿੱਚ ਝੰਡੇ ਲਗਾਏ ਗਏ ਹਨ। ਇਹ ਖਾਲਿਸਤਾਨੀ ਝੰਡੇ ਲਾਉਣ ਤੋਂ ਬਾਅਦ ਵੀਡੀਓ ਬਣਾ ਕੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੂੰ ਭੇਜਦੇ ਸੀ। ਇਹ ਵੀਡੀਓ ਭੇਜ ਕੇ ਪੈਸੇ ਲੈਂਦੇ ਸਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਇਹ ਦੋਵੇਂ ਚੋਰੀ ਤੇ ਸਨੈਚਿੰਗ ਵਰਗੇ ਕਈ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਹਰਬੀਰ ਤਾਂ ਕੁਝ ਦਿਨ ਲੁਧਿਆਣਾ ਜੇਲ੍ਹ ਵਿੱਚ ਵੀ ਰਿਹਾ ਹੈ। ਪੁਲਿਸ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁੜ ਰਿਮਾਂਡ ਦੀ ਮੰਗ ਕਰ ਸਕਦੀ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤਪੋਵਨ 'ਚ ਸਥਿਤ ਵਿਧਾਨ ਸਭਾ ਸਿੱਧਬਾੜੀ ਦੇ ਮੁੱਖ ਗੇਟ 'ਤੇ ਖਾਲਿਸਤਾਨ ਦੇ ਝੰਡੇ ਲੱਗੇ ਦਿਖਾਈ ਦਿੱਤੇ ਸੀ। ਇਹ ਝੰਡੇ ਵਿਧਾਨ ਸਭਾ ਦੀ ਕੰਧ ਤੇ ਮੁੱਖ ਗੇਟ ਨਾਲ ਬੰਨ੍ਹੇ ਹੋਏ ਸਨ। ਸਿੱਖ ਫਾਰ ਜਸਟਿਸ ਨੇ 29 ਅਪ੍ਰੈਲ ਨੂੰ ਸ਼ਿਮਲਾ 'ਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਐਲਾਨ ਕੀਤਾ ਸੀ। SFJ ਨੇ 8 ਮਈ ਨੂੰ ਧਰਮਸ਼ਾਲਾ ਸਥਿਤ ਵਿਧਾਨ ਸਭਾ ਦੇ ਗੇਟ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਠਾਕੁਰ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਗੱਲ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ।