Himachal Pradesh Weather: ਸ਼ਿਮਲਾ ਵਿੱਚ ਖੇਤਰੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਜ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।


ਚੇਤਾਵਨੀ ਮੁਤਾਬਕ ਅਗਲੇ ਤਿੰਨ ਘੰਟਿਆਂ ਦੌਰਾਨ ਬਿਲਾਸਪੁਰ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਚੰਬਾ ਅਤੇ ਊਨਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੋਲਨ, ਸ਼ਿਮਲਾ, ਸਿਰਮੌਰ, ਕਾਂਗੜਾ ਅਤੇ ਮੰਡੀ 'ਚ ਇੱਕ-ਦੋ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


ਚੰਬਾ (ਭਲਾਈ, ਡਲਹੌਜ਼ੀ, ਭੱਟੀਏਟ ਸਿੰਹੁਟਾ ਅਤੇ ਚੰਬਾ) ਕਾਂਗੜਾ (ਜਵਾਲੀ, ਸ਼ਾਹਪੁਰ, ਨੂਰਪੁਰ, ਹਰਚੱਕੀਆਂ, ਦੇਹਰਾ ਗੋਪੀਪੁਰ, ਕਾਂਗੜਾ, ਬਰੋਹ ਜਸਵਾਨ ਅਤੇ ਰੱਕੜ) ਹਮੀਰਪੁਰ ( ਨਾਦੌਨ, ਸੁਜਾਨਪੁਰ ਤੀਰਾ) ਸੋਲਨ, ਸਿਰਮੌਰ, ਸ਼ਿਮਲਾ, ਬਿਲਾਸਪੁਰ, ਊਨਾ (ਅੰਬ ਅਤੇ ਭਰਵਾਈਨ) ਮੰਡੀ, ਕੁੱਲੂ, ਸੋਲਨ ਸ਼ਿਮਲਾ, ਸਿਰਮੌਰ, ਕਾਂਗੜਾ, ਮੰਡੀ ਦੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।


ਜ਼ਿਕਰ ਕਰ ਦਈਏ ਕਿ 24 ਜੂਨ ਤੋਂ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ 234 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਘਟਨਾਵਾਂ 'ਚ 273 ਲੋਕ ਜ਼ਖਮੀ ਵੀ ਹੋਏ ਹਨ। ਸੂਬੇ ਵਿੱਚ ਹੁਣ ਤੱਕ 83 ਜ਼ਮੀਨ ਖਿਸਕਣ ਅਤੇ 54 ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸੂਬੇ 'ਚ 917 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ 7 ਹਜ਼ਾਰ 679 ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਦੇ ਅੰਕੜਿਆਂ ਅਨੁਸਾਰ 260 ਦੁਕਾਨਾਂ ਅਤੇ 2 ਹਜ਼ਾਰ 539 ਪਸ਼ੂ ਘਰ ਵੀ ਤਬਾਹ ਹੋ ਚੁੱਕੇ ਹਨ। ਇਸ ਸਮੇਂ ਸੂਬੇ 'ਚ ਵੱਖ-ਵੱਖ ਘਟਨਾਵਾਂ 'ਚ 31 ਲੋਕ ਲਾਪਤਾ ਹਨ। ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਬਰਸਾਤ ਦਾ ਦੌਰ ਅਜੇ ਵੀ ਜਾਰੀ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ 13 ਅਗਸਤ ਤੋਂ ਬਾਅਦ ਮਾਨਸੂਨ ਇੱਕ ਵਾਰ ਫਿਰ ਰਫ਼ਤਾਰ ਫੜੇਗਾ। ਮੌਸਮ ਵਿਗਿਆਨ ਕੇਂਦਰ ਨੇ ਖ਼ਰਾਬ ਮੌਸਮ ਦੇ ਵਿਚਕਾਰ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਬਾਰੇ ਵੀ ਅਲਰਟ ਜਾਰੀ ਕੀਤਾ ਹੈ।


ਸੂਬੇ ਦੀਆਂ 126 ਸੜਕਾਂ ਅਜੇ ਵੀ ਬੰਦ


ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ਭਰ ਦੀਆਂ 126 ਸੜਕਾਂ ਬੰਦ ਪਈਆਂ ਹਨ। ਇਨ੍ਹਾਂ ਵਿੱਚੋਂ ਚੰਬਾ ਵਿੱਚ ਚਾਰ, ਕਾਂਗੜਾ ਵਿੱਚ ਛੇ, ਕਿਨੌਰ ਵਿੱਚ ਪੰਜ, ਕੁੱਲੂ ਵਿੱਚ 32, ਮੰਡੀ ਵਿੱਚ 20, ਸ਼ਿਮਲਾ ਵਿੱਚ ਪੰਜ, ਸਿਰਮੌਰ ਵਿੱਚ ਛੇ ਅਤੇ ਸੋਲਨ ਵਿੱਚ ਅੱਠ ਸੜਕਾਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਸੂਬੇ ਭਰ ਦੀਆਂ 36 ਬਿਜਲੀ ਅਤੇ 26 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਪ੍ਰਭਾਵਿਤ ਹਨ। ਸੂਬਾ ਸਰਕਾਰ ਦੇ ਨਾਲ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।