Om Prakash Chautala: ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ (89) ਦਾ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਵਿੱਚ ਦੇਹਾਂਤ ਹੋ ਗਿਆ। ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੇ ਸਨਮਾਨ ਵਿੱਚ ਸ਼ਨੀਵਾਰ ਨੂੰ ਤਿੰਨ ਦਿਨ ਦੇ ਰਾਜਕੀ ਸੋਗ ਅਤੇ ਸਾਰੇ ਸਕੂਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।


ਹਰਿਆਣਾ ਦੇ ਡਾਇਰੈਕਟੋਰੇਟ ਸਕੂਲ ਐਜੂਕੇਸ਼ਨ ਵੱਲੋਂ ਇਸ ਸਬੰਧੀ ਇਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਲਿਖਿਆ ਗਿਆ ਹੈ ਕਿ 20 ਦਸੰਬਰ ਨੂੰ ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਮਿਲੇ ਫੈਕਸ ਸੰਦੇਸ਼ ਦੇ ਅਨੁਸਾਰ, ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ਦੇ ਮੱਦੇਨਜ਼ਰ ਸੂਬੇ ਵਿਚ 3 ਦਿਨ ਦਾ ਸੋਗ ਐਲਾਨਿਆ ਗਿਆ ਹੈ। ਹਰਿਆਣਾ ਸਰਕਾਰ ਨੇ ਸਾਰੇ ਰਾਜ ਦੇ ਦਫ਼ਤਰਾਂ ਵਿਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸੇ ਤਹਿਤ 21 ਦਸੰਬਰ ਨੂੰ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਮੂਹ DEOS ਅਤੇ DEEOs ਨੂੰ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


ਕਦੋਂ ਹੋਏਗਾ ਅੰਤਿਮ ਸੰਸਕਾਰ 


ਗੁਰੂਗ੍ਰਾਮ ਦੇ ਹਸਪਤਾਲ ਤੋਂ ਸ਼ਾਮ ਕਰੀਬ 4:30 ਵਜੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਸਿਰਸਾ ਦੇ ਪਿੰਡ ਤੇਜਾਖੇੜਾ ਲਈ ਰਵਾਨਾ ਹੋ ਹੋਇਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਯਾਨੀ ਅੱਜ ਉਨ੍ਹਾਂ ਦੇ ਜੱਦੀ ਪਿੰਡ 'ਚ ਹੋਵੇਗਾ। ਮ੍ਰਿਤਕ ਦੇਹ ਨੂੰ ਸ਼ਨੀਵਾਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੀਤ ਪ੍ਰਧਾਨ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੰਤਿਮ ਯਾਤਰਾ ਦੌਰਾਨ ਸ਼ਾਮਲ ਹੋ ਸਕਦੇ ਹਨ।