ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਕਸ਼ਮੀਰ ‘ਚ ਖੁੱਲ੍ਹਾ ਵਾਤਾਵਰਣ ਹੈ। ਉੱਥੇ ਸ਼ਾਂਤੀ ਦਾ ਮਾਹੌਲ ਹੈ। ਸ਼ਾਹ ਨੇ ਕਿਹਾ ਕਿ 5 ਅਗਸਤ ਤੋਂ 17 ਸਤੰਬਰ ਤਕ ਜੰਮੂ-ਕਸ਼ਮੀਰ ‘ਚ ਇੱਕ ਵੀ ਗੋਲੀ ਨਹੀਂ ਚੱਲੀ ਤੇ ਨਾ ਹੀ ਕਿਸੇ ਨਾਗਰਿਕ ਦੀ ਜਾਨ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗੀ।
ਸ਼ਾਹ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਕਿਹਾ, “ਇੱਥੇ ਭਾਰਤ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਸੀਂ ਆਪਣੇ ਖੇਤਰ ‘ਚ ਜ਼ਰਾ ਵੀ ਉਲੰਘਣਾ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਆਪਣੇ ਸੈਨਿਕਾਂ ਦੇ ਖੂਨ ਦਾ ਇੱਕ ਕਤਰਾ ਵੀ ਬੇਕਾਰ ਨਹੀਂ ਜਾਣ ਦਿਆਂਗੇ।”
ਗ੍ਰਹਿ ਮੰਤਰੀ ਨੇ ਕਿਹਾ, “ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਏਅਰ-ਸਟ੍ਰਾਈਕ ਤੋਂ ਬਾਅਦ ਦੁਨੀਆ ‘ਚ ਭਾਰਤ ਪ੍ਰਤੀ ਹੋਰ ਦੇਸ਼ਾਂ ਦੇ ਨਜ਼ਰੀਏ ‘ਚ ਬਦਲਾਅ ਆਇਆ ਹੈ। ਗਲੋਬਲ ਪੱਧਰ ‘ਤੇ ਭਾਰਤ ਇੱਕ ਨਵੀਂ ਤਾਕਤ ਦੇ ਤੌਰ ‘ਤੇ ਉੱਭਰਿਆ ਹੈ। ਹੋਰ ਦੇਸ਼ਾਂ ਨੇ ਵੀ ਭਾਰਤ ਦੀ ਤਾਕਤ ਨੂੰ ਮੰਨਿਆ ਹੈ।”
ਹਾਲ ਹੀ ‘ਚ ਕੇਂਦਰ ਸਰਕਾਰ ਨੇ ਵੀ ਸੁਪਰੀਮ ਕੋਰਟ ਨੂੰ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ 5 ਅਗਸਤ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਇੱਕ ਵੀ ਗੋਲੀ ਨਹੀਂ ਚੱਲੀ ਤੇ ਨਾ ਕੋਈ ਜਾਨ ਗਈ ਹੈ। ਜਦਕਿ 1990 ਤੋਂ 5 ਅਗਸਤ ਤਕ ਇੱਥੇ 41,866 ਲੋਕਾਂ ਦੀ ਮੌਤ ਹੋਈ। ਹਿੰਸਾ ਦੀਆਂ 71,038 ਘਟਨਾਵਾਂ ਸਾਹਮਣੇ ਆਈਆਂ ਤੇ 15,292 ਸੁਰੱਖਿਆ ਬਲਾਂ ਨੂੰ ਜਾਨ ਗੁਆਉਣੀ ਪਈ। ਸੁਪਰੀਮ ਕੋਰਟ ‘ਚ ਕਸ਼ਮੀਰ ਨੇਤਾਵਾਂ ਦੀ ਨਜ਼ਰਬੰਦੀ ਖਿਲਾਫ 8 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਇਸ ਮਾਮਲੇ ‘ਚ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।
ਸ਼ਾਹ ਦਾ ਵੱਡਾ ਦਾਅਵਾ, 5 ਅਗਸਤ ਮਗਰੋਂ ਕਸ਼ਮੀਰ ‘ਚ ਨਹੀਂ ਚੱਲੀ ਇੱਕ ਵੀ ਗੋਲੀ
ਏਬੀਪੀ ਸਾਂਝਾ
Updated at:
17 Sep 2019 05:50 PM (IST)
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਕਸ਼ਮੀਰ ‘ਚ ਖੁੱਲ੍ਹਾ ਵਾਤਾਵਰਣ ਹੈ। ਉੱਥੇ ਸ਼ਾਂਤੀ ਦਾ ਮਾਹੌਲ ਹੈ। ਸ਼ਾਹ ਨੇ ਕਿਹਾ ਕਿ 5 ਅਗਸਤ ਤੋਂ 17 ਸਤੰਬਰ ਤਕ ਜੰਮੂ-ਕਸ਼ਮੀਰ ‘ਚ ਇੱਕ ਵੀ ਗੋਲੀ ਨਹੀਂ ਚੱਲੀ ਤੇ ਨਾ ਹੀ ਕਿਸੇ ਨਾਗਰਿਕ ਦੀ ਜਾਨ ਗਈ ਹੈ।
- - - - - - - - - Advertisement - - - - - - - - -