Dera Chief Ram Rahim on Parole: ਡੇਰਾ ਸਿਰਸਾ ਮੁਖੀ ਰਾਮ ਰਹੀਮ ਸਾਢੇ 7 ਸਾਲਾਂ ਬਾਅਦ ਡੇਰਾ ਸਿਰਸਾ ਪਹੁੰਚਿਆ। ਪੰਜ ਫਰਵਰੀ ਤੋਂ ਹੋਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਲਗਪਗ ਇੱਕ ਹਫ਼ਤਾ ਪਹਿਲਾਂ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਬੇਸ਼ੱਕ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਮਿਲ ਚੁੱਕੀ ਹੈ ਪਰ ਸਜ਼ਾ ਤੋਂ ਬਾਅਦ ਉਹ ਪਹਿਲੀ ਵਾਰ ਸਿਰਸਾ ਡੇਰੇ ਪਹੁੰਚਿਆ ਹੈ। ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਖੁਦ ਉਸ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ।



ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ 6 ਫਰਵਰੀ ਤੱਕ ਸਿਰਸਾ ਵਿੱਚ ਹੀ ਰਹੇਗਾ ਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਜਾਵੇਗਾ। ਪਤਾ ਲੱਗਾ ਹੈ ਕਿ ਹਨੀਪ੍ਰੀਤ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਲਿਜਾਣ ਲਈ ਦੋ ਗੱਡੀਆਂ ਲੈ ਕੇ ਆਈ। ਉਹ ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ। ਇਸ ਵੇਲੇ ਰਾਮ ਰਹੀਮ ਸ਼ਾਹ ਸਤਨਾਮ ਜੀ ਧਾਮ ਦੇ ਅੰਦਰ ਬਣੇ 'ਤੇਰਾ ਵਾਸ' ਵਿੱਚ ਰਹਿ ਰਿਹਾ ਹੈ।


ਸਿਰਸਾ ਪੁਲਿਸ ਨੇ ਡੇਰੇ ਦੇ ਸਾਰੇ ਦਰਵਾਜ਼ਿਆਂ 'ਤੇ 200 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਕੈਂਪ ਨੂੰ ਜਾਣ ਵਾਲੇ ਰਸਤੇ 'ਤੇ 10 ਨਾਕੇ ਵੀ ਲਾਏ ਗਏ ਹਨ। ਰਾਮ ਰਹੀਮ ਜਿਸ ਗੇਟ ਰਾਹੀਂ ਅੰਦਰ ਗਿਆ, ਉਸ 'ਤੇ ਪੁਲਿਸ ਟੀਮ ਦੇ ਨਾਲ ਐਸਐਚਓ ਤਾਇਨਾਤ ਹੈ। ਇਸ ਗੇਟ ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ। ਇੱਥੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ 'ਤੇ ਵੀ ਪਾਬੰਦੀ ਲਾਈ ਗਈ ਹੈ। ਡੇਰਾ ਪ੍ਰੇਮੀਆਂ ਨੂੰ ਵੀ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਹੈ। ਪੁਲਿਸ ਉਨ੍ਹਾਂ ਨੂੰ ਸੜਕ ਤੋਂ ਹੀ ਪਿੱਛੇ ਹਟਾ ਰਹੀ ਹੈ। ਰਾਮ ਰਹੀਮ ਨੇ ਸਿਰਸਾ ਪਹੁੰਚਣ ਤੋਂ ਬਾਅਦ ਖੁਦ ਇੱਕ ਵੀਡੀਓ ਜਾਰੀ ਕੀਤੀ ਤੇ ਕਿਹਾ ਕਿ ਕੋਈ ਵੀ ਇੱਥੇ ਨਾ ਆਵੇ।



ਹਾਸਲ ਜਾਣਕਾਰੀ ਮੁਤਾਬਕ ਡੇਰਾ ਮੁਖੀ ਦੇ ਸ਼ਰਧਾਲੂਆਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਹ ਇਸ ਵਾਰ ਪੈਰੋਲ 'ਤੇ ਸਿਰਸਾ ਵਿੱਚ ਰਹੇਗਾ। ਜਿਵੇਂ ਹੀ ਰਾਮ ਰਹੀਮ ਸਿਰਸਾ ਪਹੁੰਚਿਆਂ ਤਾਂ ਉਸ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ, 'ਰੱਬ ਦੀ ਕਿਰਪਾ ਨਾਲ, ਮੈਂ ਤੁਹਾਨੂੰ ਮਿਲਣ ਤੇ ਤੁਹਾਡੀ ਸੇਵਾ ਕਰਨ ਆਇਆ ਹਾਂ।' ਇਸ ਵਾਰ ਸਿਰਸਾ ਸ਼ਾਹ ਸਤਨਾਮ ਜੀ ਧਾਮ ਆਏ ਹਾਂ। ਤੁਹਾਨੂੰ ਸਿਰਸਾ ਨਾ ਆਉਣ ਦੀ ਬੇਨਤੀ ਹੈ। ਆਪਣੇ-ਆਪਣੇ ਸਥਾਨਾਂ 'ਤੇ ਰਹੋ। ਤੁਹਾਨੂੰ ਸੇਵਾਦਾਰ ਜੋ ਵੀ ਕਹਿਣ, ਉਸ ਦੀ ਪਾਲਣਾ ਕਰੋ। ਰੱਬ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਬਹੁਤ ਸਾਰੀਆਂ ਅਸੀਸਾਂ।


ਦੱਸ ਦਈਏ ਕਿ ਵਿਰੋਧੀ ਧਿਰਾਂ ਬੀਜੇਪੀ ਸਰਕਾਰ ਨੂੰ ਘੇਰ ਰਹੀਆਂ ਹਨ ਕਿ ਜਦੋਂ ਵੀ ਚੋਣਾਂ ਹੁੰਦੀਆਂ ਹਨ ਡੇਰਾ ਮੁਖੀ ਨੂੰ ਪੈਰੋਲ ਮਿਲ ਜਾਂਦੀ ਹੈ। ਡੇਰਾ ਸਿਰਸਾ ਦਾ ਹਰਿਆਣਾ ਵਿੱਚ ਚੰਗਾ ਪ੍ਰਭਾਵ ਹੈ। ਸੂਬੇ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਵੀ ਹੋਣ ਜਾ ਰਹੀਆਂ ਹਨ। ਇਸ ਵਿੱਚ 8 ਨਗਰ ਨਿਗਮਾਂ ਸਮੇਤ 32 ਨਗਰ ਕੌਂਸਲਾਂ ਤੇ ਨਗਰ ਪਾਲਿਕਾਵਾਂ ਵਿੱਚ ਚੋਣਾਂ ਹੋਣੀਆਂ ਹਨ। ਇਸ ਦਾ ਐਲਾਨ ਫਰਵਰੀ ਵਿੱਚ ਕੀਤਾ ਜਾ ਸਕਦਾ ਹੈ। ਰਾਮ ਰਹੀਮ ਦੀ ਪੈਰੋਲ ਦੇ ਸਮੇਂ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ।


ਇਸ ਤੋਂ ਪਹਿਲਾਂ ਵੀ ਸਤੰਬਰ 2024 ਵਿੱਚ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਰਾਮ ਰਹੀਮ ਨੇ ਸਰਕਾਰ ਤੋਂ 20 ਦਿਨਾਂ ਦੀ ਐਮਰਜੈਂਸੀ ਪੈਰੋਲ ਮੰਗੀ ਸੀ। ਫਿਰ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚਿਆ ਪਰ ਰਾਮ ਰਹੀਮ ਨੂੰ ਵੋਟਿੰਗ ਤੋਂ ਇੱਕ ਹਫ਼ਤਾ ਪਹਿਲਾਂ 1 ਅਕਤੂਬਰ ਨੂੰ ਪੈਰੋਲ ਮਿਲ ਗਈ।