ਨਵੀਂ ਦਿੱਲੀ: ਪਾਰਲੀਮੈਂਟ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿੱਚ ਕੋਰੋਨਾ ਦਾ ਕਹਿਰ, ਚੀਨ ਨਾਲ ਤਣਾਅ ਤੇ ਆਰਥਿਕ ਮੰਦੀ ਵਰਗੇ ਮੁੱਦੇ ਗੂੰਜਣਗੇ। ਬੇਸ਼ੱਕ ਵਿਰੋਧੀ ਧਿਰਾਂ ਇਨ੍ਹਾਂ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ ਪਰ ਸੱਤਾਧਿਰ ਇਨ੍ਹਾਂ ਬਾਰੇ ਕੋਈ ਜਵਾਬ ਨਹੀਂ ਦੇ ਰਹੀ। ਇਸ ਲਈ ਹੁਣ ਸੰਸਦ ਵਿੱਚ ਵਿਰੋਧੀ ਧਿਰਾਂ ਕੇਂਦਰ ਸਰਕਾਰ ਤੋਂ ਇਸ ਬਾਰੇ ਜਵਾਬ ਮੰਗਣਗੀਆਂ।
ਦੂਜੇ ਪਾਸੇ ਸਰਕਾਰ ਸੰਸਦ ਦੇ ਇਜਲਾਸ ਦੌਰਾਨ 23 ਬਿੱਲਾਂ ਨੂੰ ਪਾਸ ਕਰਾਉਣ ਲਈ ਪੂਰਾ ਜ਼ੋਰ ਲਾਏਗੀ ਜਿਨ੍ਹਾਂ ’ਚੋਂ 11 ਆਰਡੀਨੈਂਸ ਹਨ। ਇਨ੍ਹਾਂ ਵਿੱਚ ਤਿੰਨ ਆਰਡੀਨੈਂਸ ਖੇਤੀ ਨਾਲ ਜੁੜੇ ਹੋਣ ਕਰਕੇ ਕਾਫੀ ਰੌਲਾ-ਰੱਪਾ ਪੈਣ ਦੇ ਆਸਾਰ ਹਨ। ਉਧਰ, ਸਰਕਾਰ ਕੋਰੋਨਾ ਦਾ ਸਹਾਰਾ ਲੈ ਕੇ ਇਨ੍ਹਾਂ ਮੁੱਦਿਆਂ 'ਤੇ ਬਹਿਸ ਤੋਂ ਟਾਲਾ ਵੱਟਣ ਦੇ ਰੌਂਅ ਵਿੱਚ ਹੈ।
ਸੂਤਰਾਂ ਮੁਤਾਬਕ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦੀ ਬੈਠਕ ਦੌਰਾਨ ਇਹ ਮੰਗਾਂ ਉਠਾਈਆਂ ਪਰ ਇਨ੍ਹਾਂ ਮੁੱਦਿਆਂ ’ਤੇ ਬਹਿਸ ਲਈ ਅਜੇ ਸਮਾਂ ਤੈਅ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਕਮੇਟੀ ਦੀ 15 ਸਤੰਬਰ ਨੂੰ ਮੁੜ ਬੈਠਕ ਹੋਵੇਗੀ ਜਿਸ ’ਚ ਪਹਿਲੇ ਹਫ਼ਤੇ ਦੇ ਕੰਮਕਾਜ ਬਾਰੇ ਫ਼ੈਸਲਾ ਲਿਆ ਜਾਵੇਗਾ। ਅਜਿਹੀਆਂ ਮੰਗਾਂ ਕਾਂਗਰਸ ਨੇ ਰਾਜ ਸਭਾ ਦੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦੀ ਬੈਠਕ ’ਚ ਵੀ ਉਠਾਈਆਂ।
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਕੁਝ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਦੇ ਦੇਹਾਂਤ ਕਾਰਨ ਅੱ ਪਹਿਲੇ ਦਿਨ ਲੋਕ ਸਭਾ ਦੀ ਕਾਰਵਾਈ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਇੱਕ ਘੰਟੇ ਲਈ ਉਠਾ ਦਿੱਤੀ ਜਾਵੇਗੀ। ਰਾਜ ਸਭਾ ’ਚ ਉਪ ਚੇਅਰਮੈਨ ਦੇ ਅਹੁਦੇ ਲਈ ਵੀ ਚੋਣ ਹੋਵੇਗੀ। ਉਧਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਵੱਲੋਂ 11 ਬਿੱਲਾਂ ’ਚੋਂ ਚਾਰ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੀਪੀਐਮ ਆਗੂ ਸੀਤਾਰਾਮ ਯੇਚੁਰੀ ਤੇ ਹੋਰਾਂ ਖਿਲਾਫ਼ ਦਿੱਲੀ ਪੁਲਿਸ ਵੱਲੋਂ ਦੰਗਿਆਂ ਬਾਰੇ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਦਾ ਮੁੱਦਾ ਵੀ ਉਠਾਇਆ ਜਾਵੇਗਾ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਊਹ ਸੰਸਦ ’ਚ ਕਈ ਮੁੱਦਿਆਂ ’ਤੇ ਬਹਿਸ ਚਾਹੁੰਦੇ ਹਨ ਜਿਨ੍ਹਾਂ ਬਾਰੇ ਮੁਲਕ ਤੇ ਲੋਕ ਜਾਣਨਾ ਚਾਹੁੰਦੇ ਹਨ।
ਸੰਸਦ 'ਚ ਗੂੰਜਣਗੇ ਕੋਰੋਨਾ, ਚੀਨ ਤੇ ਆਰਥਿਕ ਮੰਦੀ ਦੇ ਮੁੱਦੇ, ਵਿਰੋਧੀਆਂ ਵੱਲੋਂ ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ
ਏਬੀਪੀ ਸਾਂਝਾ
Updated at:
14 Sep 2020 11:31 AM (IST)
ਪਾਰਲੀਮੈਂਟ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਇਸ ਸੈਸ਼ਨ ਵਿੱਚ ਕੋਰੋਨਾ ਦਾ ਕਹਿਰ, ਚੀਨ ਨਾਲ ਤਣਾਅ ਤੇ ਆਰਥਿਕ ਮੰਦੀ ਵਰਗੇ ਮੁੱਦੇ ਗੂੰਜਣਗੇ। ਬੇਸ਼ੱਕ ਵਿਰੋਧੀ ਧਿਰਾਂ ਇਨ੍ਹਾਂ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ ਪਰ ਸੱਤਾਧਿਰ ਇਨ੍ਹਾਂ ਬਾਰੇ ਕੋਈ ਜਵਾਬ ਨਹੀਂ ਦੇ ਰਹੀ। ਇਸ ਲਈ ਹੁਣ ਸੰਸਦ ਵਿੱਚ ਵਿਰੋਧੀ ਧਿਰਾਂ ਕੇਂਦਰ ਸਰਕਾਰ ਤੋਂ ਇਸ ਬਾਰੇ ਜਵਾਬ ਮੰਗਣਗੀਆਂ।
- - - - - - - - - Advertisement - - - - - - - - -