ਰਵੀ ਇੰਦਰ ਸਿੰਘ


ਚੰਡੀਗੜ੍ਹ: ਸੈਮੀਫਾਈਨਲ ਜਿੱਤਣ ਤੋਂ ਬਾਅਦ ਹੁਣ ਕਾਂਗਰਸ ਲੋਕ ਸਭਾ ਚੋਣਾਂ 2019 ਵਾਲੇ ਫਾਈਨਲ ਮੈਚ ਨੂੰ ਰਾਹੁਲ ਬਨਾਮ ਮੋਦੀ ਬਣਾਉਣ ਦੀ ਕੋਸ਼ਿਸ਼ ਕਰੇਗੀ। ਜੇਕਰ ਇਸ ਲੜਾਈ ਨੂੰ ਰਾਹੁਲ ਬਨਾਮ ਮੋਦੀ ਬਣਾਇਆ ਜਾਂਦਾ ਹੈ ਤਾਂ ਕਾਂਗਰਸ ਨੂੰ ਇਸ ਦਾ ਫਾਇਦਾ ਮਿਲੇਗਾ। ਉੱਥੇ ਹੀ ਭਾਜਪਾ ਰਾਮ ਮੰਦਰ ਤੇ ਧਾਰਾ 370 ਜਿਹੇ ਆਪਣੇ ਲੁਕੇ ਹੋਏ ਹਥਿਆਰਾਂ ਦੀ ਵਰਤੋਂ ਕਰ ਸਕਦੀ ਹੈ।

ਤਾਜ਼ਾ ਚੋਣਾਂ ਤੋਂ ਬਾਅਦ ਪੈਦਾ ਹੋਏ ਸਿਆਸੀ ਮਾਹੌਲ ਦੀ ਗੱਲ ਕਰੀਏ ਤਾਂ ਜੇਤੂ ਸੂਬਿਆਂ ਦੀਆਂ ਤਕਰੀਬਨ 40 ਲੋਕ ਸਭਾ ਸੀਟਾਂ ਉੱਪਰ ਕਾਂਗਰਸ ਅੱਗੇ ਹੋ ਗਈ ਹੈ। ਇਸ ਜਿੱਤ ਨੇ ਲੋਕਾਂ ਵਿੱਚ ਰਾਹੁਲ ਗਾਂਧੀ ਦੀ ਪੈਂਠ ਬਣਾਈ ਹੈ ਤੇ ਉਹ ਹੁਣ ਰਾਹੁਲ ਨੂੰ ਆਪਣਾ ਨੇਤਾ ਮੰਨਣਾ ਸ਼ੁਰੂ ਕਰ ਸਕਦੇ ਹਨ। ਰਾਹੁਲ ਗਾਂਧੀ ਵੀ ਦੇਸ਼ ਵਿੱਚ ਮੋਦੀ ਵਿਰੁੱਧ ਪੈਦਾ ਹੋਏ ਗੁੱਸੇ ਦਾ ਚੋਣਾਂ ਦੌਰਾਨ ਵੱਧ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ।

ਉੱਧਰ, ਭਾਜਪਾ ਲਈ ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਖ਼ਤਰੇ ਦੀ ਘੰਟੀ ਹੀ ਹਨ। ਯਕੀਨੀ ਤੌਰ 'ਤੇ ਅਗਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਨੂੰ ਆਪਣੀ ਰਣਨੀਤੀ ਬਦਲਣੀ ਪੈਣੀ ਹੈ। ਇਸ ਲਈ ਪਾਰਟੀ ਕੋਲ ਰਾਮ ਮੰਦਰ ਲਈ ਕਾਨੂੰਨ ਤੇ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਲਈ ਬਣੀ ਸੰਵਿਧਾਨ ਦੀ ਧਾਰਾ 370 ਨੂੰ ਨਕਾਰਾ ਬਣਾਉਣ ਦੇ ਵਿਕਲਪ ਮੌਜੂਦ ਹਨ ਪਰ ਵੋਟਾਂ ਦੇ ਧਰੁਵੀਕਰਨ ਦੀ ਸਿਆਸਤ ਦੇ ਇਲਜ਼ਾਮ ਪਹਿਲਾਂ ਤੋਂ ਹੀ ਝੱਲਣ ਵਾਲੀ ਇਸ ਪਾਰਟੀ ਨੇ ਉਕਤ ਵਿਕਲਪਾਂ ਦੀ ਚੋਣ ਕਰਨਾ ਬੇਹੱਦ ਔਖਾ ਹੋਵੇਗਾ।

ਉਂਝ, ਇਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਰਾਮ ਮੰਦਰ ਦੇ ਪੱਖ ਵਿੱਚ ਕੁਝ ਹਵਾ ਵਗੀ ਸੀ, ਜਿਸ ਦਾ ਸਿਆਸੀ ਲਾਹਾ ਮਿਲਿਆ ਨਹੀਂ ਦਿੱਸ ਰਿਹਾ। ਹੁਣ ਭਾਜਪਾ ਆਪਣੇ ਬ੍ਰਾਂਡ ਮੋਦੀ ਨੂੰ ਵਧੇਰੇ ਲਿਸ਼ਕਾ ਕੇ ਪੇਸ਼ ਕਰ ਸਕਦੀ ਹੈ ਤੇ ਦੇਸ਼ ਦਰਪੇਸ਼ ਵੱਡੇ ਮੁੱਦਿਆਂ ਪ੍ਰਤੀ ਸੰਜੀਦਗੀ ਵਿਖਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕਾਮਯਾਬ ਹੋ ਸਕਦੀ ਹੈ।