How many seats can AAP win across the country: ਜੇਕਰ ਦੇਸ਼ 'ਚ ਹੁਣ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਕਿਸ ਦੀ ਸਰਕਾਰ ਬਣੇਗੀ? ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ? ਪ੍ਰਧਾਨ ਮੰਤਰੀ ਦੇ ਅਹੁਦੇ ਲਈ ਲੋਕਾਂ ਦੀ ਪਹਿਲੀ ਪਸੰਦ ਕੌਣ ਹੈ? ਅਜਿਹੇ ਸਵਾਲਾਂ ਦੇ ਜਵਾਬ ਇੱਕ ਤਾਜ਼ਾ ਸਰਵੇਖਣ 'ਚ ਦਿੱਤੇ ਗਏ ਹਨ। ਇੰਡੀਆ ਟੀਵੀ ਮੈਟਰਾਈਜ਼ ਸਰਵੇ ਦੇ ਨਤੀਜੇ ਦੱਸਦੇ ਹਨ ਕਿ ਦੇਸ਼ 'ਚ ਪੀਐਮ ਮੋਦੀ ਦਾ ਜਾਦੂ ਅਜੇ ਵੀ ਬਰਕਰਾਰ ਹੈ। ਸਰਵੇਖਣ ਮੁਤਾਬਕ ਜੇਕਰ ਅੱਜ ਦੇਸ਼ 'ਚ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ 362 ਸੀਟਾਂ 'ਤੇ ਕਬਜ਼ਾ ਕਰ ਸਕਦੀ ਹੈ। ਭਾਜਪਾ ਇਕੱਲੀ 326 ਸੀਟਾਂ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਯੂਪੀਏ ਦੇ ਖਾਤੇ 'ਚ 97 ਅਤੇ ਹੋਰ ਪਾਰਟੀਆਂ ਦੇ ਖਾਤੇ 'ਚ 84 ਸੀਟਾਂ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ।


ਦਿੱਲੀ ਅਤੇ ਪੰਜਾਬ 'ਚ ਸਰਕਾਰ ਬਣਾਉਣ ਤੋਂ ਬਾਅਦ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ਦੇਸ਼ ਭਰ 'ਚ ਵਿਸਥਾਰ ਯੋਜਨਾ 'ਤੇ ਕੰਮ ਕਰ ਰਹੀ ਹੈ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਹਿਮਾਚਲ ਅਤੇ ਗੁਜਰਾਤ 'ਚ ਸਖ਼ਤ ਮਿਹਨਤ ਕਰ ਰਹੇ ਹਨ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਦੇਸ਼ ਭਰ 'ਚ 'ਆਪ' ਦਾ ਸਮਰਥਨ ਵੱਧ ਰਿਹਾ ਹੈ ਅਤੇ ਭਾਜਪਾ ਉਨ੍ਹਾਂ ਤੋਂ ਡਰਨ ਲੱਗੀ ਹੈ। ਇਸ ਪੱਖੋਂ ਸਰਵੇਖਣ ਦਾ ਨਤੀਜਾ ‘ਆਪ’ ਲਈ ਉਤਸ਼ਾਹਜਨਕ ਨਹੀਂ ਹੈ। ਸਰਵੇਖਣ ਮੁਤਾਬਕ ਜੇਕਰ ਅੱਜ ਦੇਸ਼ 'ਚ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਆਮ ਆਦਮੀ ਪਾਰਟੀ ਨੂੰ 5 ਲੋਕ ਸਭਾ ਸੀਟਾਂ ਜਿੱਤ ਕੇ ਸੰਤੋਖ ਕਰਨਾ ਪਵੇਗਾ। ਹਾਲਾਂਕਿ ਇਹ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੋਵੇਗਾ। 2019 'ਚ ਪਾਰਟੀ ਨੇ ਪੰਜਾਬ ਵਿੱਚ ਸਿਰਫ਼ ਇੱਕ ਸੀਟ ਜਿੱਤੀ ਸੀ।


'ਆਪ' ਦਿੱਲੀ 'ਚ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ?
ਇੰਡੀਆ ਟੀਵੀ ਮੈਟਰਾਈਜ਼ ਸਰਵੇ ਦੇ ਅਨੁਸਾਰ ਇੱਕ ਵਾਰ ਫਿਰ ਭਾਜਪਾ ਦਿੱਲੀ 'ਚ ਕਲੀਨ ਸਵੀਪ ਕਰ ਸਕਦੀ ਹੈ। ਪਿਛਲੀਆਂ 2 ਵਿਧਾਨ ਸਭਾ ਚੋਣਾਂ ਵਿੱਚ ਜ਼ਬਰਦਸਤ ਬਹੁਮਤ ਹਾਸਲ ਕਰਨ ਵਾਲੀ ‘ਆਪ’ ਨੂੰ ਲੋਕ ਸਭਾ ਚੋਣਾਂ 'ਚ ਮੁੜ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਦਿੱਲੀ ਦੀਆਂ ਸਾਰੀਆਂ 5 ਲੋਕ ਸਭਾ ਸੀਟਾਂ 'ਤੇ ਭਾਜਪਾ ਦਾ ਕਬਜ਼ਾ ਹੋ ਸਕਦਾ ਹੈ। ਕੇਜਰੀਵਾਲ ਦੀ ਪਾਰਟੀ ਖਾਲੀ ਹੱਥ ਰਹਿ ਸਕਦੀ ਹੈ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਬੀਜੇਪੀ ਨੇ ਸੁਪੜਾ ਸਾਫ਼ ਕਰ ਦਿੱਤਾ ਸੀ।


ਪੰਜਾਬ ਤੋਂ 'ਆਪ' ਨੂੰ ਉਮੀਦਾਂ
2014 ਦੀਆਂ ਲੋਕ ਸਭਾ ਚੋਣਾਂ 'ਚ 4 ਸੀਟਾਂ ਜਿੱਤਣ ਵਾਲੀ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਪਾਰਟੀ ਨੂੰ ਪੰਜਾਬ 'ਚ ਸੰਗਰੂਰ ਲੋਕ ਸਭਾ ਸੀਟ 'ਤੇ ਹੀ ਜਿੱਤ ਮਿਲੀ ਸੀ। ਇਹ ਸੀਟ ਸੰਸਦ ਮੈਂਬਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ ਅਤੇ ਉਪ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਿੱਤ ਹਾਸਲ ਕੀਤੀ। ਇਸ ਕਾਰਨ 'ਆਪ' ਦਾ ਲੋਕ ਸਭਾ 'ਚ ਇਕ ਵੀ ਸੰਸਦ ਮੈਂਬਰ ਨਹੀਂ ਹੈ। ਸਰਵੇਖਣ ਅਨੁਸਾਰ ਪੰਜਾਬ ਵਿਧਾਨ ਸਭਾ 'ਚ ਬਹੁਮਤ ਹਾਸਲ ਕਰਨ ਤੋਂ ਬਾਅਦ ਪਾਰਟੀ ਹੁਣ ਲੋਕ ਸਭਾ ਚੋਣਾਂ ਵਿੱਚ ਵੀ ਬਿਹਤਰ ਨਤੀਜੇ ਹਾਸਲ ਕਰ ਸਕਦੀ ਹੈ। ਪਾਰਟੀ ਇੱਥੇ 5 ਸੀਟਾਂ ਜਿੱਤ ਸਕਦੀ ਹੈ।